Daily Suraj

ਪੰਜਾਬੀ

ਮਾਰਚ ਦੀ ਸ਼ੁਰੂਆਤ ‘ਚ ਹੀ ਪੰਜਾਬ ‘ਚ ਗਰਮੀ ਦਾ ਕਹਿਰ, ਤਾਪਮਾਨ 30 ਡਿਗਰੀ ਤੋਂ ਪਾਰ

07 Mar, 2026 07:09 AM

ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਹੀ ਪੰਜਾਬ ਦੇ ਲੋਕਾਂ ਨੂੰ ਤਿੱਖੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਵਿੱਚ ਮੌਸਮ ਅਪ੍ਰੈਲ ਮਹੀਨੇ ਵਰਗਾ ਮਹਿਸੂਸ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਦਿਨਚਰੀ ‘ਤੇ ਵੀ ਅਸਰ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦੀ ਹਲਕੀ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ, ਇਹ ਤਾਪਮਾਨ ਆਮ ਨਾਲੋਂ ਲਗਭਗ 7.5 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਦੇ ਅਨੁਸਾਰ 12 ਮਾਰਚ ਤੱਕ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ। ਵਿਭਾਗ ਵੱਲੋਂ ਇਸ ਸਬੰਧੀ ਕੋਈ ਵੱਖਰੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਮੌਸਮ ਮਾਹਿਰਾਂ ਦੇ ਅਨੁਸਾਰ ਤੇਜ਼ ਧੁੱਪ ਅਤੇ ਪੱਛਮੀ ਗੜਬੜੀ ਦੀ ਘਾਟ ਕਾਰਨ ਫਰਵਰੀ ਦੇ ਅਖੀਰ ਤੋਂ ਹੀ ਸੂਬੇ ਵਿੱਚ ਗਰਮੀ ਵਧਣ ਲੱਗ ਪਈ ਸੀ। ਇਸ ਵੇਲੇ ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਤਾਪਮਾਨ ਦੇ ਅੰਕੜਿਆਂ ਮੁਤਾਬਕ ਪਟਿਆਲਾ ਵਿੱਚ ਸਭ ਤੋਂ ਵੱਧ 33.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ 33.0°C, ਲੁਧਿਆਣਾ ਵਿੱਚ 32.8°C ਅਤੇ ਅੰਮ੍ਰਿਤਸਰ ਵਿੱਚ 32.6°C ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਰਾਤ ਦੇ ਸਮੇਂ ਤਾਪਮਾਨ ਵਿੱਚ ਵੀ ਵਾਧਾ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ। ਇਸ ਦੇ ਨਾਲ ਹੀ 1 ਮਾਰਚ ਤੋਂ 6 ਮਾਰਚ 2026 ਤੱਕ ਪੰਜਾਬ ਵਿੱਚ ਇੱਕ ਵੀ ਬੂੰਦ ਮੀਂਹ ਨਹੀਂ ਪਿਆ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਆਮ ਤੌਰ ‘ਤੇ ਇਸ ਸਮੇਂ ਤੱਕ ਸੂਬੇ ਵਿੱਚ ਲਗਭਗ 6.1 ਮਿਲੀਮੀਟਰ ਮੀਂਹ ਦਰਜ ਹੁੰਦਾ ਹੈ। ਪਰ ਇਸ ਵਾਰ ਮੀਂਹ ਆਮ ਨਾਲੋਂ 100 ਫੀਸਦੀ ਘੱਟ ਰਿਹਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਸਿੰਘ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਮੁੱਖ ਤੌਰ ‘ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅਗਲੇ ਪੰਜ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਹੋਣ ਦੀ ਉਮੀਦ ਨਹੀਂ ਹੈ। ਹਾਲਾਂਕਿ ਅਗਲੇ ਦੋ ਦਿਨਾਂ ਵਿੱਚ ਤਾਪਮਾਨ ਲਗਭਗ 2 ਤੋਂ 3 ਡਿਗਰੀ ਸੈਲਸੀਅਸ ਤੱਕ ਘੱਟ ਹੋ ਸਕਦਾ ਹੈ।

Posted By: Daily Suraj Bureau

Latest News