ਜੈਪੁਰ: ਜਬਜ਼ੇ ਨੂੰ ਲੈ ਕੇ ਮਸਜਿਦ ਨੇੜੇ ਪੱਥਰਬਾਜ਼ੀ; ਸੁਰੱਖਿਆ ਬਲ ਤਾਇਨਾਤ, ਇੰਟਰਨੈੱਟ ਸੇਵਾਵਾਂ ਮੁਅੱਤਲ
ਜੈਪੁਰ
ਰਾਜਸਥਾਨ ਦੇ ਚੋਮੂ ਕਸਬੇ ਵਿੱਚ ਇੱਕ ਸਥਾਨਕ ਮਸਜਿਦ ਦੇ ਨੇੜੇ ਕਥਿਤ ਕਬਜ਼ੇ ਨੂੰ ਲੈ ਕੇ ਜਾਰੀ ਵਿਵਾਦ ਕਾਰਨ ਹੋਈ ਪੱਥਰਬਾਜ਼ੀ ਦੀ ਘਟਨਾ ਤੋਂ ਬਾਅਦ ਸ਼ੁੱਕਰਵਾਰ ਨੂੰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਅਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਨੂੰ ਵਿਗੜਨ ਤੋਂ ਰੋਕਣ ਅਤੇ ਅਮਨ-ਕਾਨੂੰਨ ਬਣਾਈ ਰੱਖਣ ਲਈ ਕਈ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਜੈਪੁਰ ਪੁਲੀਸ ਅਨੁਸਾਰ ਇਹ ਘਟਨਾ ਕਲੰਦਰੀ ਮਸਜਿਦ ਦੇ ਨੇੜੇ ਵਾਪਰੀ, ਜਿੱਥੇ ਕਬਜ਼ੇ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।
ਡੀਸੀਪੀ ਵੈਸਟ ਜੈਪੁਰ ਹਨੂੰਮਾਨ ਪ੍ਰਸਾਦ ਮੀਨਾ ਨੇ ਦੱਸਿਆ ਕਿ ਇੱਕ ਧਿਰ ਨੇ ਪਹਿਲਾਂ ਸਵੈ-ਇੱਛਾ ਨਾਲ ਵਿਵਾਦਤ ਕਬਜ਼ਾ ਹਟਾ ਦਿੱਤਾ ਸੀ, ਪਰ ਜਦੋਂ ਕੁਝ ਵਿਅਕਤੀਆਂ ਨੇ ਉੱਥੇ ਲੋਹੇ ਦੇ ਐਂਗਲ ਲਗਾ ਕੇ ਢਾਂਚੇ ਨੂੰ ਪੱਕੇ ਤੌਰ 'ਤੇ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਣਾਅ ਵਧ ਗਿਆ। ਜਦੋਂ ਪੁਲੀਸ ਨੇ ਇਨ੍ਹਾਂ ਨਾਜਾਇਜ਼ ਉਸਾਰੀਆਂ ਨੂੰ ਹਟਾਉਣ ਲਈ ਦਖਲ ਦਿੱਤਾ ਤਾਂ ਕੁਝ ਲੋਕਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਪੱਥਰਬਾਜ਼ੀ ਕੀਤੀ। ਜੈਪੁਰ ਦੇ ਵਿਸ਼ੇਸ਼ ਪੁਲੀਸ ਕਮਿਸ਼ਨਰ ਰਾਹੁਲ ਪ੍ਰਕਾਸ਼ ਨੇ ਦੱਸਿਆ ਕਿ ਸਾਵਧਾਨੀ ਵਜੋਂ ਇੰਟਰਨੈੱਟ ਸੇਵਾਵਾਂ ਅਸਥਾਈ ਤੌਰ 'ਤੇ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਇਲਾਕੇ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ।
ਪੁਲੀਸ ਸੂਤਰਾਂ ਅਨੁਸਾਰ ਮੁਲਜ਼ਮਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਹਾਲਾਂਕਿ ਹਿਰਾਸਤ ਵਿੱਚ ਲਏ ਗਏ ਕੁਝ ਵਿਅਕਤੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਹ ਪੱਥਰਬਾਜ਼ੀ ਵਿੱਚ ਸ਼ਾਮਲ ਨਹੀਂ ਸਨ। ਫਿਲਹਾਲ ਪੁਲੀਸ ਨੇ ਸਥਿਤੀ ਨੂੰ ਸ਼ਾਂਤਮਈ ਅਤੇ ਕੰਟਰੋਲ ਹੇਠ ਦੱਸਿਆ ਹੈ ਅਤੇ ਨਿਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
Posted By: Daily Suraj Bureau