Daily Suraj

ਪੰਜਾਬੀ

ਇਮੀਗਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਬਿੱਲ ਲੋਕ ਸਭਾ ’ਚ ਪਾਸ

28 Mar, 2025 11:26 PM

ਨਵੀਂ ਦਿੱਲੀ : ਲੋਕ ਸਭਾ ਨੇ ਅੱਜ ਇਮੀਗਰੇਸ਼ਨ ਐਂਡ ਫੌਰਨਰਜ਼ ਬਿੱਲ, 2025 ਪਾਸ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਰੋਬਾਰ, ਸਿੱਖਿਆ ਅਤੇ ਨਿਵੇਸ਼ ਲਈ ਵਿਦੇਸ਼ੀਆਂ ਦਾ ਸਵਾਗਤ ਹੈ ਪਰ ਜਿਹੜੇ ਲੋਕ ਸੁਰੱਖਿਆ ਲਈ ਖ਼ਤਰਾ ਹੋਣਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਰੋਧੀ ਧਿਰਾਂ ਦੇ ਮੈਂਬਰਾਂ ਵੱਲੋਂ ਪੇਸ਼ ਕਈ ਸੋਧਾਂ ਨੂੰ ਨਕਾਰ ਦਿੱਤਾ ਗਿਆ ਅਤੇ ਬਿੱਲ ਜ਼ੁਬਾਨੀ ਵੋਟ ਨਾਲ ਪਾਸ ਹੋ ਗਿਆ। 

ਸ਼ਾਹ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਤੇ ਅਰਥਚਾਰੇ ਦੀ ਮਜ਼ਬੂਤੀ, ਮੈਨੂੰਫੈਕਚਰਿੰਗ ਤੇ ਵਪਾਰ ਨੂੰ ਹੱਲਾਸ਼ੇਰੀ ਦੇਣ, ਸਿੱਖਿਆ ਪ੍ਰਣਾਲੀ ਲਈ ਆਲਮੀ ਮਾਨਤਾ ਹਾਸਲ ਕਰਨ ਲਈ ਇਹ ਬਿੱਲ ਜ਼ਰੂਰੀ ਹੈ। ਬਿੱਲ ’ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਸ਼ਾਹ ਨੇ ਕਿਹਾ ਕਿ ਇਸ ਨਾਲ ਭਾਰਤ ਦਾ ਦੌਰਾ ਕਰਨ ਵਾਲੇ ਹਰੇਕ ਵਿਦੇਸ਼ੀ ਬਾਰੇ ਤਾਜ਼ਾ ਜਾਣਕਾਰੀ ਮਿਲ ਸਕੇਗੀ। ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਹੋਈ ਚਰਚਾ ਮਗਰੋਂ ਗ੍ਰਹਿ ਮੰਤਰੀ ਨੇ ਕਿਹਾ ਕਿ ਇਮੀਗਰੇਸ਼ਨ ਵੱਖ ਵੱਖ ਮੁੱਦਿਆਂ ਨਾਲ ਸਿੱਧੇ ਜਾਂ ਅਸਿੱਧੇ ਢੰਗ ਨਾਲ ਜੁੜਿਆ ਵਿਸ਼ਾ ਹੈ ਅਤੇ ਬਿੱਲ ਭਾਰਤ ਦਾ ਦੌਰਾ ਕਰਨ ਵਾਲੇ ਹਰੇਕ ਵਿਅਕਤੀ ਦੀ ਨਿਗਰਾਨੀ ਯਕੀਨੀ ਬਣਾਏਗਾ। 

ਵਿਰੋਧੀ ਧਿਰਾਂ ਦੇ ਕਈ ਮੈਂਬਰਾਂ ਨੇ ਅਮਰੀਕਾ ਤੋਂ ਭਾਰਤੀਆਂ ਨੂੰ ਬੇੜੀਆਂ ’ਚ ਜਕੜ ਕੇ ਮੁਲਕ ਵਾਪਸ ਭੇਜੇ ਜਾਣ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਸਰਕਾਰ ਨੇ ਇਸ ਸਬੰਧੀ ਅਮਰੀਕਾ ਕੋਲ ਕੋਈ ਸਖ਼ਤ ਵਿਰੋਧ ਦਰਜ ਨਹੀਂ ਕਰਵਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਬਿੱਲ ਸਾਂਝੀ ਸੰਸਦੀ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਹੈ। ਚਰਚਾ ਸ਼ੁਰੂ ਕਰਦਿਆਂ ਕਾਂਗਰਸ ਦੇ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਤੇ ‘ਆਪ’ ਆਗੂ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਬਿੱਲ ਤਹਿਤ ਵਿਦੇਸ਼ੀਆਂ ਦੇ ਖਾਸ ਵਰਗਾਂ ਨੂੰ ਛੋਟ ਦੇਣ ਲਈ ਸਰਕਾਰ ਨੂੰ ਮਨਮਾਨੀਆਂ ਤਾਕਤਾਂ ਦਿੱਤੀਆਂ ਗਈਆਂ ਹਨ।

#ImmigrationBill #LokSabha #IndianLaw #ForeignersInIndia #ImmigrationPolicy #IndiaNews #BreakingNews

Posted By: Daily Suraj Bureau

Latest News