ਜਲ ਤੇ ਹਵਾਈ ਸੈਨਾ ਦੇ ਮੁਖੀਆਂ ਮਗਰੋਂ ਰੱਖਿਆ ਸਕੱਤਰ ਵੱਲੋਂ ਮੋਦੀ ਨਾਲ ਮੁਲਾਕਾਤ
- ਰਾਸ਼ਟਰੀ
- 05 May,2025

ਨਵੀਂ ਦਿੱਲੀ : ਪਹਿਲਗਾਮ ਦਹਿਸ਼ਤੀ ਮਗਰੋਂ ਬਣੇ ਹਾਲਾਤ ’ਤੇ ਨਜ਼ਰਸਾਨੀ ਤੇ ਅਗਲੇਰੀ ਰਣਨੀਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 7, ਲੋਕ ਕਲਿਆਣ ਮਾਰਗ ਸਥਿਤ ਅਧਿਕਾਰਤ ਰਿਹਾਇਸ਼ ’ਤੇ ਚੱਲ ਰਹੀਆਂ ਮੀਟਿੰਗਾਂ ਦੀ ਲੜੀ ਵਿੱਚ ਅੱਜ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਵੱਲੋਂ ਪਿਛਲੇ ਦੋ ਦਿਨਾਂ ਵਿੱਚ ਕੀਤੀ ਗਈ ਇਹ ਤੀਜੀ ਉੱਚ ਪੱਧਰੀ ਨਿੱਜੀ ਮੀਟਿੰਗ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪਿਛਲੇ ਦੋ ਦਿਨਾਂ ਵਿਚ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ.ਤ੍ਰਿਪਾਠੀ ਅਤੇ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨਾਲ ਮੁਲਾਕਾਤ ਕੀਤੀ ਹੈ।
ਸੂਤਰਾਂ ਨੇ ਕਿਹਾ ਕਿ ਇਨ੍ਹਾਂ ਬੈਠਕਾਂ ਦੌਰਾਨ ਪਹਿਲਗਾਮ ਦੇ ਬੈਸਰਨ ਵਿੱਚ 26 ਸੈਲਾਨੀਆਂ ਦੀ ਹੱਤਿਆ ਦੇ ਮੱਦੇਨਜ਼ਰ ਭਾਰਤ ਕੋਲ ਉਪਲਬਧ ਵਿਕਲਪਾਂ ਤੇ ਪਾਕਿਸਤਾਨ ਦੀ ਸੰਭਾਵੀ ਜਵਾਬੀ ਕਾਰਵਾਈ ਦੇ ਮੱਦੇਨਜ਼ਰ ਭਾਰਤ ਦੀ ਤਿਆਰੀ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ।
ਇਹ ਮੀਟਿੰਗ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਉਸ ਟਿੱਪਣੀ ਤੋਂ ਇੱਕ ਦਿਨ ਬਾਅਦ ਹੋਈ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ‘ਤੁਹਾਨੂੰ ਉਹ ਜਵਾਬ ਮਿਲੇਗਾ ਜਿਸ ਦੀ ਤੁਸੀਂ ਮੰਗ ਕਰ ਰਹੇ ਹੋ।’’ ਸਿੰਘ ਨੇ ਐਤਵਾਰ ਨੂੰ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਸ ਮੋੜ ’ਤੇ ਹਥਿਆਰਬੰਦ ਬਲਾਂ ਨਾਲ ਖੜ੍ਹੇ ਹੋਣਾ ਉਨ੍ਹਾਂ ਦਾ ਫਰਜ਼ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਜੋਖ਼ਮ ਲੈਣ ਦੀਆਂ ਸਮਰੱਥਾਵਾਂ ਦਾ ਵੀ ਹਵਾਲਾ ਦਿੱਤਾ।
ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਫੌਜ ਮੁਖੀਆਂ ਨਾਲ ਮੁਲਾਕਾਤ ਮਗਰੋਂ ਕਿਹਾ ਸੀ ਕਿ ਦੇਸ਼ ਦੇ ਹਥਿਆਰਬੰਦਾਂ ਨੂੰ ਪਾਕਿਸਤਾਨ ਖਿਲਾਫ਼ ਜਵਾਬੀ ਕਾਰਵਾਈ ਬਾਰੇ ਫੈਸਲਾ ਲੈਣ ਦੀ ਪੂਰੀ ਖੁੱਲ੍ਹ ਹੈ। ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਅਜਿਹੇ ਮੌਕੇ ਕੀਤੀ ਹੈ ਜਦੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਪਹਿਲਗਾਮ ਦਹਿਸ਼ਤੀ ਹਮਲੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚ ਬਣੇ ਤਣਾਅ ਬਾਰੇ ਬੰਦ ਕਮਰਾ ਮੀਟਿੰਗ ਅੱਜ ਲਈ ਤਜਵੀਜ਼ਤ ਹੈ।
ਪਾਕਿਸਤਾਨ, ਜੋ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦਾ ਅਸਥਾਈ ਮੈਂਬਰ ਹੈ, ਨੇ ਇਸ ਹੰਗਾਮੀ ਮੀਟਿੰਗ ਦੀ ਮੰਗ ਕੀਤੀ ਸੀ। ਭਾਰਤ ਵੱਲੋਂ ਧਾਰਾ 370 ਰੱਦ ਕਰਨ ਤੋਂ ਪਹਿਲਾਂ, ਚੀਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਇਸੇ ਤਰ੍ਹਾਂ ਦੀ ਮੀਟਿੰਗ ਦੀ ਮੰਗ ਕੀਤੀ ਸੀ।
#DefenseMeeting #IndianMilitary #PMModi #IndianNavy #IndianAirForce #NationalSecurity #DefenseStrategy #MilitaryLeadership
Posted By:

Leave a Reply