Daily Suraj

ਪੰਜਾਬੀ

ਭਾਰਤ ਨੇ ਪੱਛਮੀ ਏਸ਼ੀਆ ਵਿੱਚ ਫ਼ੌਰੀ ਸ਼ਾਂਤੀ ਦੀ ਕੀਤੀ ਹਮਾਇਤ, ਮੋਦੀ-ਟਰੰਪ ਵਿਚਾਲੇ ਗੱਲਬਾਤ

25 Mar, 2026 08:33 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਟੈਲੀਫੋਨ ‘ਤੇ ਗੱਲਬਾਤ ਦੌਰਾਨ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ‘ਤੇ ਵਿਚਾਰ-ਵਟਾਂਦਰਾ ਕੀਤਾ। ਗੱਲਬਾਤ ਦੌਰਾਨ ਭਾਰਤ ਨੇ ਖਿੱਤੇ ਵਿੱਚ ਤੁਰੰਤ ਸ਼ਾਂਤੀ ਬਹਾਲ ਕਰਨ ਅਤੇ ਤਣਾਅ ਘਟਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ। ਦੋਵੇਂ ਆਗੂਆਂ ਵਿਚਾਲੇ ਹੋਈ ਚਰਚਾ ਦਾ ਕੇਂਦਰ ਹਰਮੁਜ਼ ਜਲ ਮਾਰਗ ਨੂੰ ਜਹਾਜ਼ੀ ਆਵਾਜਾਈ ਲਈ ਸੁਰੱਖਿਅਤ ਅਤੇ ਖੁੱਲ੍ਹਾ ਰੱਖਣ ਦੇ ਮਸਲੇ ‘ਤੇ ਰਿਹਾ। ਇਸ ਦੇ ਨਾਲ ਹੀ ਖੇਤਰ ਵਿੱਚ ਸਥਿਰਤਾ ਬਣਾਈ ਰੱਖਣ ਲਈ ਸਾਂਝੇ ਯਤਨਾਂ ‘ਤੇ ਵੀ ਜ਼ੋਰ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਵੱਲੋਂ ਇਰਾਨ ਨੂੰ ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਦਿੱਤੇ ਪੰਜ ਦਿਨਾਂ ਦੇ ਅਲਟੀਮੇਟਮ ਤੋਂ ਬਾਅਦ ਇਹ ਗੱਲਬਾਤ ਹੋਈ, ਜਿਸ ਵਿੱਚ ਟਰੰਪ ਨੇ ਤਾਜ਼ਾ ਹਾਲਾਤਾਂ ਬਾਰੇ ਮੋਦੀ ਨੂੰ ਜਾਣਕਾਰੀ ਦਿੱਤੀ। ਦੋਵੇਂ ਨੇ ਭਵਿੱਖ ਵਿੱਚ ਸੰਪਰਕ ਬਣਾਈ ਰੱਖਣ ‘ਤੇ ਸਹਿਮਤੀ ਜਤਾਈ। ਇਸ ਦੌਰਾਨ, ਇਰਾਨ ਦੇ ਫ਼ੌਜੀ ਅਤੇ ਰਾਜਨੀਤਿਕ ਆਗੂਆਂ ਨੇ ਅਮਰੀਕੀ ਬਿਆਨਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਹ ਮੁਕੰਮਲ ਜਿੱਤ ਤੱਕ ਜੰਗ ਜਾਰੀ ਰੱਖਣਗੇ। ਇਰਾਨੀ ਫ਼ੌਜ ਦੀ ਕਮਾਂਡ ਖ਼ਾਤਮ-ਅਲ ਅਨਬੀਆ ਦੇ ਤਰਜਮਾਨ ਮੇਜਰ ਜਨਰਲ ਅਲੀ ਅਬਦੁੱਲਾਹੀ ਆਲੀਆਬਾਦੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਫ਼ੌਜ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਲਈ ਤਿਆਰ ਨਹੀਂ ਹੈ। ਪੱਛਮੀ ਏਸ਼ੀਆ ਵਿੱਚ ਬਣੇ ਤਣਾਅਪੂਰਨ ਹਾਲਾਤਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ ਕਿਸੇ ਵੀ ਸੰਭਾਵੀ ਸਥਿਤੀ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਲਗਾਤਾਰ ਬਦਲ ਰਹੇ ਹਨ ਅਤੇ ਸਰਕਾਰ ਹਰ ਪੱਖੋਂ ਤਿਆਰੀ ਕਰ ਰਹੀ ਹੈ। ਮੋਦੀ ਨੇ ਸੰਕਟ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਵਿਸ਼ੇਸ਼ ਅਧਿਕਾਰਾਂ ਵਾਲੇ ਸੱਤ ਸਮੂਹ ਬਣਾਉਣ ਦਾ ਐਲਾਨ ਕੀਤਾ ਹੈ, ਜੋ ਈਂਧਣ, ਖਾਦਾਂ, ਗੈਸ ਸਪਲਾਈ, ਸਪਲਾਈ ਚੇਨਾਂ ਅਤੇ ਮਹਿੰਗਾਈ ਨਾਲ ਜੁੜੇ ਮਸਲਿਆਂ ‘ਤੇ ਰਣਨੀਤੀਆਂ ਤਿਆਰ ਕਰਨਗੇ। ਉਨ੍ਹਾਂ ਰਾਜ ਸਰਕਾਰਾਂ ਨੂੰ ‘ਟੀਮ ਇੰਡੀਆ’ ਦੇ ਤਹਿਤ ਕੇਂਦਰ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ। ਇਸ ਮਸਲੇ ‘ਤੇ ਵਿਚਾਰ ਕਰਨ ਲਈ ਸਰਕਾਰ ਨੇ ਬੁੱਧਵਾਰ ਸ਼ਾਮ 5 ਵਜੇ ਸਰਬ ਪਾਰਟੀ ਮੀਟਿੰਗ ਸੱਦੀ ਹੈ, ਜਿਸ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ। ਹਾਲਾਂਕਿ, ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਪਹਿਲਾਂ ਤੋਂ ਨਿਰਧਾਰਿਤ ਕਾਰਜਕ੍ਰਮ ਕਰਕੇ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਰਹਿ ਰਹੇ ਲਗਭਗ ਇਕ ਕਰੋੜ ਭਾਰਤੀਆਂ ਦੀ ਸੁਰੱਖਿਆ ਅਤੇ ਰੋਜ਼ਗਾਰ ਭਾਰਤ ਲਈ ਵੱਡੀ ਪ੍ਰਾਥਮਿਕਤਾ ਹੈ। ਉਨ੍ਹਾਂ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ‘ਤੇ ਰੋਕ ਲਗਾਉਣ ਲਈ ਰਾਜਾਂ ਨੂੰ ਸਖ਼ਤ ਕਦਮ ਚੁੱਕਣ ਦੀ ਹਦਾਇਤ ਦਿੱਤੀ ਹੈ।

Posted By: Daily Suraj Bureau

Latest News