Daily Suraj

ਪੰਜਾਬੀ

ਨਸ਼ਿਆਂ ਦੇ ਖ਼ਾਤਮੇ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ : ਦਲਵੀਰ ਸਿੰਘ ਢਿੱਲੋਂ

31 Jan, 2026 06:42 PM

ਧੂਰੀ ਸ਼ਹਿਰ ਵਿੱਚ ਨਸ਼ਿਆਂ ਖ਼ਿਲਾਫ਼ ਵਿਸ਼ਾਲ ਪੈਦਲ ਯਾਤਰਾ ਕੱਢੀ ਗਈ -ਨਸ਼ਾ ਮੁਕਤ ਧੂਰੀ, ਨਸ਼ਾ ਮੁਕਤ ਪੰਜਾਬ ਦੇ ਨਾਅਰਿਆਂ ਨਾਲ ਗੱਜਿਆਂ ਧੂਰੀ ਸ਼ਹਿਰ ਧੂਰੀ ਸ਼ਹਿਰ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਲੋਕ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਕੱਢੀ ਗਈ, ਜਿਸ ਵਿੱਚ ਸਮਾਜ ਦੇ ਹਰ ਵਰਗ ਵੱਲੋਂ ਸ਼ਮੂਲੀਅਤ ਦੇਖਣ ਨੂੰ ਮਿਲੀ। ਇਸ ਪੈਦਲ ਯਾਤਰਾ ਦਾ ਮਕਸਦ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣਾ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਂਝੀ ਜ਼ਿੰਮੇਵਾਰੀ ਦਾ ਸੁਨੇਹਾ ਦੇਣਾ ਸੀ। ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਸਮਾਜ ਦੇ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਅਜਿਹੀਆਂ ਪੈਦਲ ਯਾਤਰਾਵਾਂ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਮੈਂਬਰ ਵਕਫ਼ ਬੋਰਡ ਪੰਜਾਬ ਡਾ. ਅਨਵਰ ਭਸੌੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਤਬਾਹ ਕਰ ਦਿੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਸਿੱਖਿਆ, ਖੇਡਾਂ ਅਤੇ ਸਕਾਰਾਤਮਕ ਸਰਗਰਮੀਆਂ ਨਾਲ ਜੁੜਨ। ਡਾਇਰੈਕਟਰ ਸਮਾਲ ਇੰਡਸਟਰੀਜ਼ ਅਨਿਲ ਮਿੱਤਲ ਅਤੇ ਡਾਇਰੈਕਟਰ ਜਸਪਾਲ ਭੁੱਲਰ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਹੀ ਵਿਕਸਿਤ ਅਤੇ ਮਜ਼ਬੂਤ ਪੰਜਾਬ ਦੀ ਨੀਂਹ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੁਹਿੰਮਾਂ ਦੇ ਨਾਲ-ਨਾਲ ਸਮਾਜਿਕ ਸਹਿਯੋਗ ਨਾਲ ਹੀ ਇਸ ਸਮੱਸਿਆ ਨੂੰ ਜੜ ਤੋਂ ਖ਼ਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਹਰਪ੍ਰੀਤ ਸਿੰਘ ਗਿੱਲ, ਦਰਸ਼ਨ ਸਿੰਘ ਪਾਠਕ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਰਛਪਾਲ ਸਿੰਘ ਭੁੱਲਰ, ਪੁਸ਼ਪਿੰਦਰ ਸ਼ਰਮਾ, ਅਮਨਜੋਤ ਕੌਰ, ਰਾਜੀਵ ਚੌਧਰੀ, ਅਸ਼ਵਨੀ ਧੀਰ, ਸੰਦੀਪ ਤਿਆਲ, ਗਗਨ ਜਵੰਦਾ, ਵੀਰਭਾਨ, ਅਜੈਬ ਸਿੰਘ ਅਤੇ ਸੁਖਪਾਲ ਸਿੰਘ, ਰੂਬਲ, ਰੁਪਿੰਦਰ ਭੁੱਲਰ, ਡਾ. ਕੁਲਜੀਤ ਧਵਨ, ਹਰਪ੍ਰੀਤ ਸਿੰਘ ਮੀਮਸਾ ਅਤੇ ਹੈਪੀ ਗਰਗ ਨੇ ਵੀ ਨਸ਼ਿਆਂ ਵਿਰੁੱਧ ਇੱਕਜੁੱਟ ਹੋ ਕੇ ਲੜਨ ਦਾ ਅਹਿਦ ਲਿਆ। ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲਗਾਤਾਰ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਾਲ-ਨਾਲ ਨਸ਼ਾ ਪੀੜਤਾਂ ਦੀ ਪੁਨਰਵਾਸ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਪੈਦਲ ਯਾਤਰਾ ਦੌਰਾਨ ਨਸ਼ਿਆਂ ਵਿਰੁੱਧ ਨਾਅਰੇ ਲਗਾਏ ਗਏ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ। ਅੰਤ ਵਿੱਚ ਆਮ ਆਦਮੀ ਪਾਰਟੀ ਦੀ ਸਮੂਹ ਟੀਮ ਦੇ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਨਸ਼ਾ ਮੁਕਤ ਧੂਰੀ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਦੁਹਰਾਇਆ।

Posted By: Daily Suraj Bureau

Latest News