ਪਹਿਲੇ ਭਾਰਤੀ ਅਥਲੈਟਿਕਸ ਪੁਰਸਕਾਰਾਂ ਵਿੱਚ ਨੀਰਜ ਤੇ ਪਾਰੁਲ ਨੂੰ ਮਿਲਿਆ ਸਰਵੋਤਮ ਐਥਲੀਟ ਸਨਮਾਨ
ਪਹਿਲੇ ਭਾਰਤੀ ਅਥਲੈਟਿਕਸ ਪੁਰਸਕਾਰ ਸਮਾਰੋਹ ਵਿੱਚ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ ਅਤੇ ਐਥਲੀਟ ਪਾਰੁਲ ਚੌਧਰੀ ਨੂੰ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਵਿੱਚ ਸਰਵੋਤਮ ਐਥਲੀਟ ਦਾ ਸਨਮਾਨ ਦਿੱਤਾ ਗਿਆ। ਇਸ ਮੌਕੇ ਸ਼ਾਹਨਵਾਜ਼ ਖਾਨ ਅਤੇ ਪੂਜਾ ਨੂੰ ਕ੍ਰਮਵਾਰ ਸਰਵੋਤਮ ਉਭਰਦੇ ਪੁਰਸ਼ ਅਤੇ ਮਹਿਲਾ ਐਥਲੀਟ ਵਜੋਂ ਸਨਮਾਨਿਤ ਕੀਤਾ ਗਿਆ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏਐਫਆਈ) ਵੱਲੋਂ ਸ਼ੁਰੂ ਕੀਤੇ ਗਏ ਇਨ੍ਹਾਂ ਪੁਰਸਕਾਰਾਂ ਦਾ ਵੰਡ ਸਮਾਰੋਹ ਕੇਂਦਰੀ ਖੇਡ ਮੰਤਰੀ ਡਾ. ਮਨਸੁਖ ਮੰਡਾਵੀਆ ਨੇ ਕੀਤਾ। ਸਮਾਰੋਹ ਵਿੱਚ ਵਿਸ਼ਵ ਅਥਲੈਟਿਕਸ ਦੇ ਉਪ ਪ੍ਰਧਾਨ ਆਦਿਲ ਜੇ. ਸੁਮਰੀਵਾਲਾ, ਸ਼੍ਰੀਲੰਕਾ ਅਥਲੈਟਿਕਸ ਦੇ ਪ੍ਰਧਾਨ ਕੋਰੋਟੇਜ ਬਿਮਲ ਪ੍ਰਸੰਨਾ, ਮਾਲਦੀਵ ਦੇ ਖੇਡ ਕਮਿਸ਼ਨਰ ਮੁਹੰਮਦ ਥੋਲਾਲ ਅਤੇ ਭਾਰਤੀ ਅਥਲੈਟਿਕਸ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਵੀ ਮੌਜੂਦ ਰਹੀਆਂ। ਡਾ. ਮਨਸੁਖ ਮੰਡਾਵੀਆ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤੀ ਅਥਲੈਟਿਕਸ ਨੇ ਬੇਮਿਸਾਲ ਤਰੱਕੀ ਕੀਤੀ ਹੈ ਅਤੇ ਭਾਰਤੀ ਐਥਲੀਟਾਂ ਨੇ ਵਿਸ਼ਵ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਥਲੈਟਿਕਸ ਪੁਰਸਕਾਰ ਇਸ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕਰਨ ਦੀ ਇੱਕ ਮਹੱਤਵਪੂਰਨ ਪਹਿਲ ਹੈ, ਜੋ ਖੇਡਾਂ ਦੇ ਵਾਤਾਵਰਣ ਨੂੰ ਹੋਰ ਮਜ਼ਬੂਤ ਕਰੇਗੀ। ਸਮਾਰੋਹ ਦੌਰਾਨ ਭਾਰਤੀ ਅਥਲੈਟਿਕਸ ਵਿੱਚ ਲੰਬੇ ਸਮੇਂ ਤੱਕ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਗੁਰਬਚਨ ਸਿੰਘ ਰੰਧਾਵਾ, ਬਹਾਦਰ ਸਿੰਘ ਚੌਹਾਨ, ਪੀ.ਟੀ. ਊਸ਼ਾ ਅਤੇ ਅੰਜੂ ਬੌਬੀ ਜਾਰਜ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਏਐਫਆਈ ਦੇ ਪ੍ਰਧਾਨ ਬਹਾਦਰ ਸਿੰਘ ਸੱਗੂ ਨੇ ਕਿਹਾ ਕਿ ਇਹ ਪੁਰਸਕਾਰ ਭਾਰਤੀ ਅਥਲੈਟਿਕਸ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਅਤੇ ਐਥਲੀਟਾਂ, ਕੋਚਾਂ, ਤਕਨੀਕੀ ਅਧਿਕਾਰੀਆਂ ਅਤੇ ਹੋਰ ਹਿੱਸੇਦਾਰਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਨਮਾਨ ਭਵਿੱਖ ਵਿੱਚ ਭਾਰਤੀ ਅਥਲੈਟਿਕਸ ਦੇ ਸਭ ਤੋਂ ਵੱਕਾਰੀ ਪੁਰਸਕਾਰਾਂ ਵਿੱਚ ਸ਼ਾਮਲ ਹੋਣਗੇ। ਸਰਵੋਤਮ ਪੁਰਸ਼ ਐਥਲੀਟ ਦਾ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਨੀਰਜ ਚੋਪੜਾ ਨੇ ਕਿਹਾ ਕਿ ਦੇਸ਼ ਦੇ ਕਈ ਉੱਤਮ ਐਥਲੀਟਾਂ ਵਿਚਕਾਰ ਇਹ ਸਨਮਾਨ ਮਿਲਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਥਲੈਟਿਕਸ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਹਰ ਸਾਲ ਨਵੀਆਂ ਪ੍ਰਤਿਭਾਵਾਂ ਉਭਰ ਰਹੀਆਂ ਹਨ, ਜੋ ਉਨ੍ਹਾਂ ਨੂੰ ਹੋਰ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਪਾਰੁਲ ਚੌਧਰੀ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਬਹੁਤ ਖਾਸ ਹੈ। ਉਨ੍ਹਾਂ ਨੇ ਆਪਣੇ ਕੋਚਾਂ, ਸਹਾਇਕ ਸਟਾਫ ਅਤੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਮੀਦ ਕਰਦੀ ਹੈ ਕਿ ਉਸ ਦਾ ਸਫ਼ਰ ਹੋਰ ਨੌਜਵਾਨ ਕੁੜੀਆਂ ਨੂੰ ਅਥਲੈਟਿਕਸ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗਾ। ਸਰਵੋਤਮ ਉਭਰਦੇ ਪੁਰਸ਼ ਐਥਲੀਟ ਸ਼ਾਹਨਵਾਜ਼ ਖਾਨ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਮਾਣ ਅਤੇ ਪ੍ਰੇਰਣਾ ਦਾ ਸਰੋਤ ਹੈ, ਜਦਕਿ ਪੂਜਾ ਨੇ ਕਿਹਾ ਕਿ ਇਹ ਮਾਨਤਾ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਉੱਚੇ ਟੀਚੇ ਹਾਸਲ ਕਰਨ ਲਈ ਹੌਸਲਾ ਦਿੰਦੀ ਹੈ। ਲਾਈਫਟਾਈਮ ਅਚੀਵਮੈਂਟ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ ਪੀ.ਟੀ. ਊਸ਼ਾ ਨੇ ਕਿਹਾ ਕਿ ਅਥਲੈਟਿਕਸ ਨੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਸਭ ਕੁਝ ਦਿੱਤਾ ਹੈ ਅਤੇ ਉਹ ਭਾਰਤੀ ਅਥਲੈਟਿਕਸ ਦੀ ਲਗਾਤਾਰ ਤਰੱਕੀ ਦੇਖ ਕੇ ਖੁਸ਼ ਹਨ। ਅੰਜੂ ਬੌਬੀ ਜਾਰਜ ਨੇ ਕਿਹਾ ਕਿ ਭਾਰਤੀ ਅਥਲੈਟਿਕਸ ਨੇ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਹੁਣ ਭਾਰਤੀ ਐਥਲੀਟ ਵਿਸ਼ਵ ਦੇ ਸਰਵੋਤਮ ਖਿਡਾਰੀਆਂ ਨਾਲ ਮੁਕਾਬਲਾ ਕਰਨ ਦੇ ਸਮਰੱਥ ਹਨ। ਸਮਾਰੋਹ ਵਿੱਚ ਭਾਰਤ ਦੇ ਕਈ ਮਸ਼ਹੂਰ ਐਥਲੀਟਾਂ, ਕੋਚਾਂ ਅਤੇ ਪ੍ਰਸ਼ਾਸਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ 2025 ਦੇ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਐਥਲੀਟਾਂ ਦੇ ਨਾਲ-ਨਾਲ ਭਾਰਤੀ ਅਥਲੈਟਿਕਸ ਦੇ ਵਿਕਾਸ ਵਿੱਚ ਇਤਿਹਾਸਕ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪੁਰਸਕਾਰਾਂ ਤਹਿਤ ਨੀਰਜ ਚੋਪੜਾ ਅਤੇ ਪਾਰੁਲ ਚੌਧਰੀ ਨੂੰ 10-10 ਲੱਖ ਰੁਪਏ, ਸ਼ਾਹਨਵਾਜ਼ ਖਾਨ ਅਤੇ ਪੂਜਾ ਨੂੰ 2.50-2.50 ਲੱਖ ਰੁਪਏ ਅਤੇ ਲਾਈਫਟਾਈਮ ਅਚੀਵਮੈਂਟ ਅਵਾਰਡ ਜੇਤੂਆਂ ਨੂੰ 5-5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। ਇਸ ਤੋਂ ਇਲਾਵਾ ਏਐਫਆਈ ਨੇ ਸਾਲ ਦੇ ਸਰਵੋਤਮ ਕੋਚ, ਸਰਵੋਤਮ ਰਾਜ ਐਸੋਸੀਏਸ਼ਨ, ਸਰਵੋਤਮ ਤਕਨੀਕੀ ਅਧਿਕਾਰੀ, ਸਰਵੋਤਮ ਸਟੇਟ ਸਪੋਰਟਿੰਗ ਅਥਲੈਟਿਕਸ, ਸੰਗਠਨ ਸਪੋਰਟਿੰਗ ਅਥਲੈਟਿਕਸ ਅਤੇ ਪਾਰਟਨਰ ਸਪੋਰਟਿੰਗ ਅਥਲੈਟਿਕਸ ਸਮੇਤ ਹੋਰ ਕਈ ਸ਼੍ਰੇਣੀਆਂ ਵਿੱਚ ਵੀ ਪੁਰਸਕਾਰ ਪ੍ਰਦਾਨ ਕੀਤੇ।
Posted By: Daily Suraj Bureau