Daily Suraj

ਪੰਜਾਬੀ

ਏਅਰ ਇੰਡੀਆ ਬੋਇੰਗ 787 ਜਹਾਜ਼ਾਂ ਲਈ ਸੁਰੱਖਿਆ ਪ੍ਰੋਟੋਕੋਲ ਤਹਿਤ ਕੰਟਰੋਲ ਸਵਿੱਚਾਂ ਦੀ ਚੇਕਿੰਗ

03 Feb, 2026 01:57 PM

ਲੰਡਨ ਹੀਥਰੋ ਤੋਂ ਬੰਗਲੁਰੂ ਜਾਣ ਵਾਲੀ ਫਲਾਈਟ ਦੌਰਾਨ ਐਤਵਾਰ ਨੂੰ ਇੱਕ ਜਹਾਜ਼ ਵਿੱਚ ਫਿਊਲ ਕੰਟਰੋਲ ਸਵਿੱਚ ਦੇ ਖਰਾਬ ਹੋਣ ਦੀ ਘਟਨਾ ਤੋਂ ਉਪਰੰਤ ਏਅਰ ਇੰਡੀਆ ਨੇ ਆਪਣੇ ਬੋਇੰਗ 787 ਜਹਾਜ਼ਾਂ ਦੀਆਂ ਸਵਿੱਚਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਜੂਦਾ ਸਮੇਂ ਵਿੱਚ ਏਅਰ ਇੰਡੀਆ ਕੋਲ 33 ਬੋਇੰਗ 787 ਜਾਂ ਡ੍ਰੀਮਲਾਈਨਰ ਜਹਾਜ਼ ਹਨ। ਏਅਰ ਇੰਡੀਆ ਦੇ ਫਲਾਈਟ ਅਪਰੇਸ਼ਨਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਨੀਸ਼ ਉੱਪਲ ਨੇ ਬੋਇੰਗ 787 ਦੇ ਪਾਇਲਟਾਂ ਨੂੰ ਦੱਸਿਆ ਕਿ ਏਅਰਲਾਈਨ ਨੇ ਪੂਰੇ ਫਲੀਟ ਦੇ ਫਿਊਲ ਕੰਟਰੋਲ ਸਵਿੱਚਾਂ ਦੀ ਮੁੜ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਜਹਾਜ਼ ਵਿੱਚ ਸਵਿੱਚ ਦੀ ਖਰਾਬੀ ਦੀ ਰਿਪੋਰਟ ਤੋਂ ਬਾਅਦ ਉੱਪਲ ਨੇ ਕਿਹਾ ਕਿ ਇੰਜੀਨੀਅਰਿੰਗ ਟੀਮ ਨੇ ਇਸ ਮਾਮਲੇ ਨੂੰ ਬੋਇੰਗ ਕੋਲ ਪਹਿਲ ਦੇ ਅਧਾਰ 'ਤੇ ਮੁਲਾਂਕਣ ਲਈ ਭੇਜਿਆ ਹੈ। ਮੰਗਲਵਾਰ ਨੂੰ ਭੇਜੀ ਇੱਕ ਈਮੇਲ ਵਿੱਚ ਉਨ੍ਹਾਂ ਦੱਸਿਆ ਕਿ ਬੋਇੰਗ ਦੇ ਜਵਾਬ ਦੀ ਉਡੀਕ ਕਰਦਿਆਂ ਸਾਵਧਾਨੀ ਦੇ ਤੌਰ 'ਤੇ ਫਿਊਲ ਕੰਟਰੋਲ ਸਵਿੱਚ (FCS) ਲੈਚ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸਹੀ ਸੰਚਾਲਨ ਦੀ ਪੁਸ਼ਟੀ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਜਹਾਜ਼ਾਂ ਦੀ ਜਾਂਚ ਪੂਰੀ ਹੋ ਚੁੱਕੀ ਹੈ, ਉਨ੍ਹਾਂ ਵਿੱਚ ਕੋਈ ਨੁਕਸ ਨਹੀਂ ਪਾਇਆ ਗਿਆ। ਏਅਰ ਇੰਡੀਆ ਨੇ ਚਾਲਕ ਦਲ ਨੂੰ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਨੁਕਸ ਬਾਰੇ ਤੁਰੰਤ ਸੂਚਿਤ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ ਵਿੱਚ ਅਹਿਮਦਾਬਾਦ ਵਿੱਚ ਹੋਏ ਬੋਇੰਗ 787-8 ਜਹਾਜ਼ ਦੇ ਹਾਦਸੇ ਤੋਂ ਬਾਅਦ ਵੀ ਇਹ ਸਵਿੱਚ ਜਾਂਚ ਦੇ ਘੇਰੇ ਵਿੱਚ ਹਨ, ਕਿਉਂਕਿ ਮੁੱਢਲੀ ਜਾਂਚ ਰਿਪੋਰਟ ਅਨੁਸਾਰ ਉਡਾਣ ਭਰਨ ਤੋਂ ਤੁਰੰਤ ਬਾਅਦ ਬਾਲਣ ਦੀ ਸਪਲਾਈ ਬੰਦ ਹੋ ਗਈ ਸੀ।

Posted By: Daily Suraj Bureau

Latest News