ਰੇਲਵੇ ਟ੍ਰੈਕ ਧਮਾਕਾ ਕੇਸ: ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਨੈੱਟਵਰਕ ‘ਤੇ ਪੁਲਿਸ ਦੀ ਵੱਡੀ ਕਾਰਵਾਈ
ਪਟਿਆਲਾ ਦੇ ਸ਼ੰਭੂ ਰੇਲਵੇ ਟ੍ਰੈਕ ਬਲਾਸਟ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਇੱਕ ਮਹੱਤਵਪੂਰਨ ਸਫਲਤਾ ਮਿਲੀ ਹੈ। ਸੁਰੱਖਿਆ ਏਜੰਸੀਆਂ ਦੀ ਸਾਂਝੀ ਕਾਰਵਾਈ ਦੌਰਾਨ ਇਸ ਮਾਮਲੇ ਨਾਲ ਜੁੜੇ ਇੱਕ ਅਹਿਮ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਐਸ.ਐਸ.ਓ.ਸੀ. ਅੰਮ੍ਰਿਤਸਰ, ਪਟਿਆਲਾ ਪੁਲਿਸ ਅਤੇ ਸੀ.ਆਈ. ਪਠਾਨਕੋਟ ਦੀ ਟੀਮ ਵੱਲੋਂ ਸਾਂਝੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਗੁਰਜਿੰਦਰ ਸਿੰਘ ਉਰਫ਼ ਬੇਅੰਤ ਨੂੰ ਕਾਬੂ ਕੀਤਾ ਗਿਆ। ਉਸਨੂੰ ਇਸ ਕੇਸ ਵਿੱਚ ਮੁੱਖ ਸਾਜ਼ਿਸ਼ਕਰਤਾ ਜਗਰੂਪ ਸਿੰਘ ਦਾ ਨਜ਼ਦੀਕੀ ਸਾਥੀ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਗੁਰਜਿੰਦਰ ਸਿੰਘ ਦੀ ਸ਼ੰਭੂ ਧਮਾਕੇ ਦੇ ਨਾਲ-ਨਾਲ ਸਰਹਿੰਦ ਰੇਲਵੇ ਟ੍ਰੈਕ ਧਮਾਕੇ ਅਤੇ ਮੋਗਾ ਵਿਖੇ ਸੀ.ਆਈ.ਏ ਦਫ਼ਤਰ ‘ਤੇ ਗ੍ਰਨੇਡ ਹਮਲੇ ਵਿੱਚ ਵੀ ਭੂਮਿਕਾ ਸੀ। ਇਹ ਸਾਰੀਆਂ ਘਟਨਾਵਾਂ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਅੰਜਾਮ ਦਿੱਤੀਆਂ ਗਈਆਂ ਸਨ। ਪੁਲਿਸ ਦੇ ਅਨੁਸਾਰ, ਇਸ ਗ੍ਰਿਫ਼ਤਾਰੀ ਅਤੇ ਪਹਿਲਾਂ ਹੋਈਆਂ ਬਰਾਮਦਗੀਆਂ ਦੇ ਆਧਾਰ ‘ਤੇ ਮੋਗਾ, ਸਰਹਿੰਦ ਅਤੇ ਸ਼ੰਭੂ ਨਾਲ ਜੁੜੀਆਂ ਤਿੰਨੋਂ ਘਟਨਾਵਾਂ ਨੂੰ ਸਫਲਤਾਪੂਰਵਕ ਸੁਲਝਾ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਦੋਹਰਾਇਆ ਹੈ ਕਿ ਸੂਬੇ ਵਿੱਚ ਅੱਤਵਾਦੀ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹੈ।
Posted By: Daily Suraj Bureau