‘ਬਰਤਾਨਵੀ ਫੌਜ ਦੀ ਮਦਦ ਨਾਲ’ ਹੋਇਆ ਸੀ ਅਪਰੇਸ਼ਨ ਬਲਿਊ ਸਟਾਰ: ਭਾਜਪਾ MP ਦਾ ਦਾਅਵਾ

‘ਬਰਤਾਨਵੀ ਫੌਜ ਦੀ ਮਦਦ ਨਾਲ’ ਹੋਇਆ ਸੀ ਅਪਰੇਸ਼ਨ ਬਲਿਊ ਸਟਾਰ: ਭਾਜਪਾ MP ਦਾ ਦਾਅਵਾ

ਗੁਹਾਟੀ, 7 ਜੁਲਾਈ- -ਏਐਨਆਈ


ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ (BJP MP Nishikant Dubey) ਨੇ ਸੋਮਵਾਰ ਨੂੰ ਕਾਂਗਰਸ ਪਾਰਟੀ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਭਾਰ ਲਈ ਜ਼ਿੰਮੇਵਾਰ ਹੋਣ ਦੇ ਨਾਲ ਹੀ 1984 ਵਿੱਚ ਅਪਰੇਸ਼ਨ ਨੀਲਾ ਤਾਰਾ (Operation Blue Star) ਦੌਰਾਨ ਬਰਤਾਨਵੀ ਫੌਜ (British Army) ਤੋਂ ਮਦਦ ਲੈਣ ਦਾ ਦੋਸ਼ ਲਗਾਇਆ ਹੈ।


ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਨੇ ਸਿੱਖ ਭਾਈਚਾਰੇ ਨਾਲ ਕਈ ਬੇਇਨਸਾਫ਼ੀਆਂ ਕੀਤੀਆਂ ਹਨ। ਉਨ੍ਹਾਂ ਇਹ ਦਾਅਵਾ ਸੋਸ਼ਲ ਮੀਡੀਆ ਪਲੈਟਫਾਰਮ ਐਕਸ X ਉਤੇ ਇਕ ਪੋਸਟ ਵਿਚ ਕੀਤਾ ਹੈ।




ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ

ਏਐਨਆਈ ਨਾਲ ਗੱਲ ਕਰਦਿਆਂ ਦੂਬੇ ਨੇ ਕਿਹਾ, “ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੇ 1984 ਵਿੱਚ ਗ੍ਰਹਿ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਸੀ। ਅਪ੍ਰੇਸ਼ਨ ਬਲਿਊ ਸਟਾਰ ਜੂਨ 1984 ਵਿੱਚ ਹੋਇਆ ਸੀ, ਇਹ ਪੱਤਰ ਫਰਵਰੀ 1984 ਦਾ ਹੈ। ਉਸ ਵਿਚ ਸਾਫ਼ ਲਿਖਿਆ ਹੈ ਕਿ ਭਾਰਤ ਨੇ (ਅਪਰੇਸ਼ਨ ਬਲਿਊ ਸਟਾਰ ਲਈ) ਤਕਨੀਕੀ ਅਤੇ ਭੌਤਿਕ ਮਦਦ ਮੰਗੀ ਸੀ ਅਤੇ ਸਾਡੇ (ਬਰਤਾਨਵੀ) ਲੋਕ ਉੱਥੇ ਗਏ ਸਨ। ਕਾਂਗਰਸ ਛੇ ਮਹੀਨਿਆਂ ਤੋਂ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੀ ਸੀ।”



ਉਨ੍ਹਾਂ ਹੋਰ ਦਾਅਵਾ ਕੀਤਾ, “ਇੱਕ ਜਾਂਚ ਦੌਰਾਨ ਪਤਾ ਲੱਗਾ ਕਿ ਭਾਰਤੀ ਫੌਜ ਨੇ ਬਰਤਾਨਵੀ ਫੌਜ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ। ਤੁਸੀਂ (ਕਾਂਗਰਸ) ਭਿੰਡਰਾਂਵਾਲੇ ਨੂੰ ਜਨਮ ਦਿੱਤਾ ਅਤੇ ਫਿਰ ਬਰਤਾਨਵੀ ਫੌਜ ਤੋਂ ਮਦਦ ਲੈ ਕੇ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ‘ਤੇ ਹਮਲਾ ਕੀਤਾ।”


ਦੂਬੇ ਨੇ ਕਿਹਾ ਕਿ ਕਾਂਗਰਸ ਸਿੱਖਾਂ ਵਿਰੁੱਧ ਤਿੰਨ ਵੱਡੀਆਂ ਬੇਇਨਸਾਫ਼ੀਆਂ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਾਂਗਰਸ ਉਤੇ ਦੋਸ਼ ਲਾਇਆ ਕਿ ਉਸ ਨੇ ‘ਸਿੱਖਾਂ ਨੂੰ ਕਠਪੁਤਲੀ ਵਜੋਂ’ ਵਰਤਿਆ ਹੈ।


ਆਪਣੇ ਦਾਅਵਿਆਂ ਦੇ ਸਮਰਥਨ ਵਿਚ ਦੂਬੇ ਨੇ ਯੂਕੇ ਦੇ ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ ਦੇ ਉਸ ਸਮੇਂ ਦੇ ਨਿੱਜੀ ਸਕੱਤਰ ਬ੍ਰਾਇਨ ਫਾਲ (Brian Fall, then Private Secretary to the UK Foreign and Commonwealth Office) ਨੂੰ ਯੂਕੇ ਦੇ ਗ੍ਰਹਿ ਸਕੱਤਰ ਦੇ ਉਸ ਸਮੇਂ ਦੇ ਨਿੱਜੀ ਸਕੱਤਰ ਹਿਊ ਟੇਲਰ (Hugh Taylor, then Private Secretary to the UK Home Secretary) ਵੱਲੋਂ ਭੇਜਿਆ ਇਕ ਪੱਤਰ ਵੀ ਐਕਸ ‘ਤੇ ਸ਼ੇਅਰ ਕੀਤਾ ਹੈ।