Daily Suraj

ਪੰਜਾਬੀ

ਜਨਗਣਨਾ-2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਦੀ ਸਮੀਖਿਆ, ਐਸ.ਏ.ਐਸ. ਨਗਰ ਵਿੱਚ ਅਹਿਮ ਮੀਟਿੰਗ

17 Aug, 2026 04:46 PM

ਜਨਗਣਨਾ-2027 ਦੇ ਦੂਜੇ ਪੜਾਅ, ਜਿਸ ਤਹਿਤ ਆਬਾਦੀ ਦੀ ਗਿਣਤੀ ਕੀਤੀ ਜਾਣੀ ਹੈ, ਦੀਆਂ ਤਿਆਰੀਆਂ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵਿਖੇ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਡਾ. ਨਵਜੋਤ ਖੋਸਾ, ਆਈ.ਏ.ਐੱਸ., ਡਾਇਰੈਕਟਰ, ਜਨਗਣਨਾ ਸੰਚਾਲਨ, ਪੰਜਾਬ ਨੇ ਕੀਤੀ। ਮੀਟਿੰਗ ਵਿੱਚ ਸ੍ਰੀਮਤੀ ਕੋਮਲ ਮਿੱਤਲ, ਆਈ.ਏ.ਐੱਸ., ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ, ਸ੍ਰੀ ਸੰਦੀਪ ਸਿੰਘ, ਪੀ.ਸੀ.ਐੱਸ., ਮਿਊਂਸਪਲ ਕਮਿਸ਼ਨਰ, ਐਸ.ਏ.ਐਸ. ਨਗਰ ਤੋਂ ਇਲਾਵਾ ਏ.ਡੀ.ਸੀਜ਼, ਐਸ.ਡੀ.ਐਮਜ਼, ਸਾਰੇ ਸਬੰਧਤ ਅਧਿਕਾਰੀ, ਚਾਰਜ ਅਫ਼ਸਰ ਅਤੇ ਜਨਗਣਨਾ ਕਾਰਜ ਨਾਲ ਜੁੜੇ ਹੋਰ ਅਧਿਕਾਰੀ ਮੌਜੂਦ ਸਨ। ਡਾਇਰੈਕਟਰ ਜਨਗਣਨਾ ਸੰਚਾਲਨ ਨੇ ਫੇਜ਼-1 ਦਾ ਜਨਗਣਨਾ ਕਾਰਜ ਸੁਚੱਜੇ ਢੰਗ ਨਾਲ ਪੂਰਾ ਕਰਨ ਲਈ ਚਾਰਜ ਅਫ਼ਸਰਾਂ ਅਤੇ ਫੀਲਡ ਸਟਾਫ਼ ਵੱਲੋਂ ਕੀਤੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਨਿਰਧਾਰਤ ਕਾਰਜ ਸਮੇਂ ਸਿਰ ਪੂਰੇ ਕਰਨ ਲਈ ਪ੍ਰਭਾਵਸ਼ਾਲੀ ਯੋਜਨਾਬੰਦੀ ਅਤੇ ਆਪਸੀ ਤਾਲਮੇਲ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉੱਨਤ ਅਤੇ ਸੁਚੱਜੀ ਯੋਜਨਾਬੰਦੀ ਦੇ ਨਾਲ-ਨਾਲ ਸਾਰੇ ਸਬੰਧਤ ਵਿਭਾਗਾਂ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਕਾਇਮ ਕਰਕੇ ਨਿਰਧਾਰਤ ਸਮੇਂ ਅੰਦਰ ਟੀਚਿਆਂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਡਾਇਰੈਕਟਰ ਨੇ ਜ਼ਿਲ੍ਹੇ ਅਤੇ ਮਿਊਂਸਪਲ ਕਾਰਪੋਰੇਸ਼ਨ ਦੇ ਖ਼ਾਸ ਕਰਕੇ ਉੱਚ-ਤਰਜੀਹ ਵਾਲੇ ਚਾਰਜਾਂ ਵਿੱਚ ਹਾਊਸ ਲਿਸਟਿੰਗ ਓਪਰੇਸ਼ਨ ਦੇ ਕੰਮ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਨਗਣਨਾ ਅਮਲੇ ਵੱਲੋਂ ਕੀਤੀ ਮਿਹਨਤ ਅਤੇ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕਰਦਿਆਂ ਭਰੋਸਾ ਜਤਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਜਨਗਣਨਾ ਦੇ ਦੂਜੇ ਪੜਾਅ ਨਾਲ ਸਬੰਧਤ ਸਾਰੇ ਕਾਰਜ ਵੀ ਸਫ਼ਲਤਾਪੂਰਵਕ ਪੂਰੇ ਕਰੇਗਾ। ਡਾ. ਨਵਜੋਤ ਖੋਸਾ ਨੇ ਪ੍ਰਿੰਸੀਪਲ ਜਨਗਣਨਾ ਅਫ਼ਸਰਾਂ ਅਤੇ ਜਨਗਣਨਾ ਅਫ਼ਸਰਾਂ ਨੂੰ ਦੂਜੇ ਪੜਾਅ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਹਦਾਇਤ ਕੀਤੀ। ਇਸ ਮੌਕੇ ਸ੍ਰੀਮਤੀ ਕੋਮਲ ਮਿੱਤਲ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿੱਚ ਜਨਗਣਨਾ ਨਾਲ ਸਬੰਧਤ ਸਾਰੇ ਕਾਰਜ ਨਿਰਧਾਰਤ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਿਊਂਸਪਲ ਕਾਰਪੋਰੇਸ਼ਨ ਜਨਗਣਨਾ ਕਾਰਜ ਨੂੰ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਸਹੀ ਤੇ ਭਰੋਸੇਯੋਗ ਅੰਕੜੇ ਇਕੱਤਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਮੀਟਿੰਗ ਦੌਰਾਨ ਜਨਗਣਨਾ-2027 ਦੇ ਦੂਜੇ ਪੜਾਅ, ਯਾਨੀ ਆਬਾਦੀ ਗਿਣਤੀ, ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਲਈ ਵਿਸਥਾਰਤ ਰੋਡਮੈਪ ਅਤੇ ਕਾਰਜ ਯੋਜਨਾ ’ਤੇ ਵੀ ਚਰਚਾ ਕੀਤੀ ਗਈ।

Posted By: Daily Suraj Bureau

Latest News