Daily Suraj

ਪੰਜਾਬੀ

ਨਸ਼ੀਲਾ ਪਦਾਰਥ ਪਿਲਾ ਕੇ ਬਣਾਈਆਂ ਇਤਰਾਜ਼ਯੋਗ ਵੀਡੀਓਜ਼, ਬਲੈਕਮੇਲ ਕਰਕੇ ਲੱਖਾਂ ਰੁਪਏ ਵਸੂਲਣ ਦਾ ਦੋਸ਼

16 Jun, 2026 09:24 AM

ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿੱਚ ਭਾਰਤੀ ਹਵਾਈ ਫੌਜ (IAF) ਦੇ ਇੱਕ ਅਧਿਕਾਰੀ ਦੀ 24 ਸਾਲਾ ਪਤਨੀ ਨਾਲ ਕਥਿਤ ਜਬਰ-ਜਨਾਹ, ਬਲੈਕਮੇਲਿੰਗ, ਲੱਖਾਂ ਰੁਪਏ ਦੀ ਉਗਰਾਹੀ ਅਤੇ ਜਬਰੀ ਧਰਮ ਪਰਿਵਰਤਨ ਕਰਵਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਇਰਲ ਵੀਡੀਓ ਵਿੱਚ ਪੀੜਤਾ ਕਥਿਤ ਤੌਰ 'ਤੇ ਜਬਰੀ ਧਰਮ ਪਰਿਵਰਤਨ ਨਾਲ ਸੰਬੰਧਤ ਰਸਮਾਂ ਦੌਰਾਨ ਮੁਲਜ਼ਮਾਂ ਅੱਗੇ ਉਸ ਨੂੰ ਛੱਡਣ ਲਈ ਮਿੰਨਤਾਂ ਕਰਦੀ ਨਜ਼ਰ ਆ ਰਹੀ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਯਾਜ਼ ਤਾਜ ਮਦਾਰੇ ਅਤੇ ਅਮੀਨ ਸ਼ੇਖ ਵਜੋਂ ਹੋਈ ਹੈ। ਪੁਲਿਸ ਅਨੁਸਾਰ, ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਮੁੱਖ ਮੁਲਜ਼ਮ ਅਯਾਜ਼ ਮਦਾਰੇ, ਜੋ ਉਸ ਦੇ ਸਕੂਲ ਸਮੇਂ ਦਾ ਜਾਣਕਾਰ ਸੀ, ਨੇ ਜਾਇਦਾਦ ਦੇ ਇੱਕ ਵਿਵਾਦ ਨੂੰ ਸੁਲਝਾਉਣ ਦਾ ਬਹਾਨਾ ਬਣਾ ਕੇ ਉਸ ਨਾਲ ਮੁੜ ਸੰਪਰਕ ਕੀਤਾ। ਸ਼ਿਕਾਇਤ ਮੁਤਾਬਕ, ਫਰਵਰੀ 2025 ਵਿੱਚ ਨਾਗਪੁਰ ਦੇ ਇੱਕ ਹੋਟਲ ਵਿੱਚ ਹੋਈ ਮੁਲਾਕਾਤ ਦੌਰਾਨ ਮੁਲਜ਼ਮ ਨੇ ਉਸ ਨੂੰ ਕਥਿਤ ਤੌਰ 'ਤੇ ਨਸ਼ੀਲਾ ਪਦਾਰਥ ਪਿਲਾਇਆ ਅਤੇ ਉਸ ਦੀ ਸਹਿਮਤੀ ਤੋਂ ਬਿਨਾਂ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓਜ਼ ਰਿਕਾਰਡ ਕਰ ਲਈਆਂ। ਪੀੜਤਾ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਮੁਲਜ਼ਮਾਂ ਨੇ ਇਨ੍ਹਾਂ ਵੀਡੀਓਜ਼ ਦੇ ਆਧਾਰ 'ਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਜਾਣਗੀਆਂ ਅਤੇ ਨਾਗਪੁਰ ਤੋਂ ਬਾਹਰ ਤਾਇਨਾਤ ਉਸ ਦੇ ਹਵਾਈ ਫੌਜ ਅਧਿਕਾਰੀ ਪਤੀ ਨੂੰ ਵੀ ਭੇਜ ਦਿੱਤੀਆਂ ਜਾਣਗੀਆਂ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਡਰਾ-ਧਮਕਾ ਕੇ ਮੁਲਜ਼ਮਾਂ ਨੇ ਉਸ ਤੋਂ ਹੁਣ ਤੱਕ ਕਰੀਬ ਚਾਰ ਲੱਖ ਰੁਪਏ ਵਸੂਲ ਕੀਤੇ। ਇਸ ਤੋਂ ਇਲਾਵਾ, ਉਸ ਨੂੰ ਇੱਕ ਅਣਪਛਾਤਾ ਤਰਲ ਪਦਾਰਥ ਪਿਲਾ ਕੇ ਕਈ ਵਾਰ ਤਾਂਤਰਿਕ ਕਿਰਿਆਵਾਂ ਅਤੇ ਕਥਿਤ ਜਾਦੂ-ਟੂਣੇ ਦਾ ਸ਼ਿਕਾਰ ਬਣਾਇਆ ਗਿਆ ਅਤੇ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਨਾਗਪੁਰ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਜ਼ੋਨ-1) ਰੁਸ਼ੀਕੇਸ਼ ਰੈੱਡੀ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਸੋਨੇਗਾਓਂ ਪੁਲਿਸ ਥਾਣੇ ਵਿੱਚ ਜਬਰ-ਜਨਾਹ, ਅਪਰਾਧਿਕ ਧਮਕੀ, ਜਬਰਨ ਉਗਰਾਹੀ ਅਤੇ ਮਹਾਰਾਸ਼ਟਰ ਦੇ ਅੰਧਵਿਸ਼ਵਾਸ ਅਤੇ ਕਾਲਾ ਜਾਦੂ ਵਿਰੋਧੀ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਮੋਬਾਈਲ ਫੋਨਾਂ ਤੋਂ ਮਿਲੇ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐੱਫ.ਆਈ.ਆਰ. ਮੁਤਾਬਕ, ਪੀੜਤਾ ਨੇ ਦੋਸ਼ ਲਾਇਆ ਕਿ ਬੀਤੀ 31 ਮਈ ਨੂੰ ਮੁਲਜ਼ਮ ਉਸ ਨੂੰ ਜ਼ਬਰਦਸਤੀ ਕਲਮੇਸ਼ਵਰ ਇਲਾਕੇ ਵਿੱਚ ਲੈ ਗਏ, ਜਿੱਥੇ ਉਸ ਦੀ ਮਰਜ਼ੀ ਦੇ ਵਿਰੁੱਧ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਮੁੱਖ ਮੁਲਜ਼ਮ ਨਾਲ ਜਬਰੀ ਨਿਕਾਹ ਵੀ ਪੜ੍ਹਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਰਹਿਣ ਵਾਲੇ ਤੀਜੇ ਮੁਲਜ਼ਮ ਹਜ਼ਰਤ ਮੌਲਾਨਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ 'ਤੇ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ।

Posted By: Daily Suraj Bureau

Latest News