Daily Suraj

ਪੰਜਾਬੀ

ਚੰਡੀਗੜ੍ਹ ਵਿੱਚ ਪੈਰੀ ਕਤਲ ਮਾਮਲੇ ’ਚ ਨਵਾਂ ਮੋੜ, 13 ਦੋਸ਼ੀਆਂ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ

07 Mar, 2026 02:36 PM

ਚੰਡੀਗੜ੍ਹ ਪੁਲੀਸ ਨੇ ਸੈਕਟਰ 26 ਚੰਡੀਗੜ੍ਹ ਦੇ ਕਤਲ ਕੇਸ ਵਿੱਚ ਕਥਿਤ ਤੌਰ 'ਤੇ ਗੈਂਗਸਟਰ ਲਾਰੈਂਸ ਗੈਂਗ ਨਾਲ ਜੁੜੇ 13 ਮੁਲਜ਼ਮਾਂ ਵਿਰੁੱਧ ਇੱਕ ਸਥਾਨਕ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਲਾਰੈਂਸ ਬਿਸ਼ਨੋਈ ਦਾ ਕਦੇ ਕਰੀਬੀ ਰਿਹਾ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦਾ 1 ਦਸੰਬਰ 2025 ਨੂੰ ਚੰਡੀਗੜ੍ਹ ਦੇ ਸੈਕਟਰ 26 ਵਿੱਚ ਪਿੱਛਾ ਕਰਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਹ ਕਤਲ ਪਿਛਲੇ ਮਹੀਨੇ ਦੁਬਈ ਵਿੱਚ ਲਾਰੈਂਸ ਦੇ ਕਰੀਬੀ ਸਾਥੀ ਜੋਰਾ ਸਿੱਧੂ ਉਰਫ਼ ਸਿੱਪਾ ਦੇ ਕਤਲ ਨਾਲ ਜੁੜੀ 'ਗੈਂਗ ਵਾਰ' ਦਾ ਨਤੀਜਾ ਸੀ। 35 ਸਾਲਾ ਪੈਰੀ ਟਿੰਬਰ ਮਾਰਕੀਟ ਸੈਕਟਰ 26 ਚੰਡੀਗੜ੍ਹ ਵਿੱਚ ਆਪਣੀ ਐੱਸ ਯੂ ਵੀ (SUV) ਵਿੱਚ ਗੋਲੀਆਂ ਨਾਲ ਵਿੰਨ੍ਹਿਆ ਹੋਇਆ ਮ੍ਰਿਤਕ ਪਾਇਆ ਗਿਆ ਸੀ। ਉਸ ਦਾ ਵਿਆਹ ਮਹਿਜ਼ ਪੰਦਰਾਂ ਦਿਨ ਪਹਿਲਾਂ ਹੋਇਆ ਸੀ। ਪੈਰੀ 'ਤੇ ਬਹੁਤ ਨਜ਼ਦੀਕ ਤੋਂ ਹਮਲਾ ਕੀਤਾ ਗਿਆ ਸੀ। 'ਹਰੀ ਬਾਕਸਰ ਆਰਜ਼ੂ ਬਿਸ਼ਨੋਈ' ਨਾਮ ਦੇ ਫੇਸਬੁੱਕ ਹੈਂਡਲ ਹੇਠ ਇੱਕ ਪੋਸਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਸਿੱਪਾ ਦੇ ਕਤਲ ਦਾ ਬਦਲਾ ਹੈ। ਪੈਰੀ ਚੰਡੀਗੜ੍ਹ ਅਤੇ ਪੰਜਾਬ ਵਿੱਚ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਸੀ। ਪੋਸਟ ਵਿੱਚ ਇਹ ਵੀ ਇਲਜ਼ਾਮ ਲਾਇਆ ਗਿਆ ਸੀ ਕਿ ਪੈਰੀ ਨੇ ਉਨ੍ਹਾਂ ਦੇ ਵਿਰੋਧੀ ਧੜੇ ਗੋਲਡੀ ਬਰਾੜ ਦਾ ਸਾਥ ਦੇ ਕੇ ਗੈਂਗ ਨਾਲ ਧੋਖਾ ਕੀਤਾ ਸੀ। ਚਾਰਜਸ਼ੀਟ ਸ਼ਿਵਮ ਸ਼ਰਮਾ, ਗੋਪਾਲ ਕੁਮਾਰ, ਪਿਊਸ਼ ਪਿਪਲਾਨੀ, ਹਰਿੰਦਰ ਸਿੰਘ ਉਰਫ਼ ਹਰਪ੍ਰੀਤ ਸਿੰਘ ਹੈਪੀ, ਲਵਪ੍ਰੀਤ ਸਿੰਘ ਉਰਫ਼ ਲਵ, ਵਿੱਕੀ ਉਰਫ਼ ਬੱਚੀ, ਕੁੰਵਰਬੀਰ, ਅੰਕੁਸ਼ ਸੋਲੰਕੀ ਉਰਫ਼ ਮੋਟਾ, ਚਾਹਤ, ਰਾਹੁਲ ਸ਼ਰਮਾ, ਸੰਨੀ ਕੁਮਾਰ, ਹਰੀ ਭਾਈ ਰਮਾਨੀ ਉਰਫ਼ ਬਾਬੂ ਪਟੇਲ ਅਤੇ ਮੋਹਿਤ ਸਿੰਘ ਉਰਫ਼ ਸ਼ਿਵਾ ਵਿਰੁੱਧ ਦਾਇਰ ਕੀਤੀ ਗਈ ਹੈ। ਇਹ ਸਾਰੇ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਦੱਸੇ ਜਾਂਦੇ ਹਨ। ਪੈਰੀ ਬਿਸ਼ਨੋਈ ਦਾ ਕਰੀਬੀ ਦੋਸਤ ਸੀ। ਉਨ੍ਹਾਂ ਨੇ ਇਕੱਠੇ ਪੜ੍ਹਾਈ ਕੀਤੀ ਸੀ। ਪੈਰੀ ਚੰਡੀਗੜ੍ਹ ਅਤੇ ਪੰਜਾਬ ਵਿੱਚ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਵੀ ਕਰ ਰਿਹਾ ਸੀ। ਹਾਲਾਂਕਿ, ਕੁਝ ਸਮੇਂ ਲਈ ਪੈਰੀ ਨੇ ਲਾਰੈਂਸ ਨੂੰ ਛੱਡ ਦਿੱਤਾ ਸੀ ਅਤੇ ਗੋਲਡੀ ਬਰਾੜ ਦੇ ਪੱਖ ਵਿੱਚ ਸ਼ਾਮਲ ਹੋ ਗਿਆ ਸੀ। ਪੈਰੀ ਦੇ ਕਤਲ ਤੋਂ ਕੁਝ ਦਿਨ ਬਾਅਦ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਇੱਕ ਵੱਡੇ ਕੰਟਰੈਕਟ ਕਿਲਿੰਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਅਤੇ ਪਿਊਸ਼ ਪਿਪਲਾਨੀ, ਅੰਕੁਸ਼, ਕੁੰਵਰਬੀਰ ਸਿੰਘ ਅਤੇ ਨਰਾਇਣਗੜ੍ਹ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਖੁਲਾਸਾ ਹੋਇਆ ਕਿ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਕੀਤਾ ਸੀ। ਗੋਲਡੀ ਬਰਾੜ ਨੇ ਵੀ ਸੋਸ਼ਲ ਮੀਡੀਆ 'ਤੇ ਕਈ ਆਡੀਓ ਕਲਿੱਪ ਵਾਇਰਲ ਕਰਕੇ ਲਾਰੈਂਸ ਬਿਸ਼ਨੋਈ ਦੀ ਕਾਰਵਾਈ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਸੀ।

Posted By: Daily Suraj Bureau

Latest News