Daily Suraj

ਪੰਜਾਬੀ

ਸਲਾਇਟ ਵਿਖੇ ਸਰਟੀਫਿਕੇਟ ਅਤੇ ਡਿਪਲੋਮਾ ਵੰਡ ਸਮਾਰੋਹ ਦਾ ਆਯੋਜਨ

17 Apr, 2026 08:35 AM

(ਜਗਸੀਰ ਸਿੰਘ)- ਸੰਤ ਲੋਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸਲਾਇਟ) ਲੋਂਗੋਵਾਲ, ਲੰਮੇ ਸਮੇਂ ਤੋਂ ਵੱਖ-ਵੱਖ ਪਿਛੋਕੜਾਂ ਤੋਂ ਆਉਣ ਵਾਲੇ ਵਿਦਿਆਰਥੀਆਂ, ਖਾਸ ਕਰਕੇ ਪਿੰਡਾਂ ਅਤੇ ਸਧਾਰਣ ਪਰਿਵਾਰਾਂ ਨਾਲ ਸੰਬੰਧਤ ਵਿਦਿਆਰਥੀਆਂ ਦੀ ਸਿੱਖਿਆਕ ਅਭਿਲਾਸ਼ਾਵਾਂ ਨੂੰ ਪੂਰਾ ਕਰਨ ਲਈ ਜਾਣਿਆ ਜਾਂਦਾ ਹੈ। ਇਹ ਸੰਸਥਾ ਇੱਕ ਆਧੁਨਿਕ ਗੁਰੂਕੁਲ ਵਾਂਗ ਹੈ ਜੋ ਨੌਜਵਾਨ ਇੰਜੀਨੀਅਰਾਂ ਅਤੇ ਖੋਜਕਾਰਾਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਹੁਨਰ ਦੇ ਕੇ ਉਨ੍ਹਾਂ ਨੂੰ ਉੱਜਲੇ ਭਵਿੱਖ ਲਈ ਤਿਆਰ ਕਰਦੀ ਹੈ। ਅੱਜ ਸਲਾਇਟ ਸੰਸਥਾ ਨੇ ਆਪਣਾ “ਸਰਟੀਫਿਕੇਟ ਅਤੇ ਡਿਪਲੋਮਾ ਵੰਡ ਸਮਾਰੋਹ" ਆਯੋਜਿਤ ਕੀਤਾ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ. ਪਦਮ ਕੁਮਾਰ ਨਾਇਰ, ਵਾਈਸ ਚਾਂਸਲਰ, ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਪਟਿਆਲਾ ਸ਼ਾਮਲ ਹੋਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਇੰਜੀ. ਚੰਦਨ ਰਾਏ, ਐਸੋਸੀਏਟ ਜਨਰਲ ਮੈਨੇਜਰ, ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਡ, ਗੁਰੁਗ੍ਰਾਮ ਹਾਜ਼ਰ ਰਹੇ। ਪ੍ਰੋ. ਮਨੀ ਕਾਂਤ ਪਾਸਵਾਨ, ਡਾਇਰੈਕਟਰ, ਸਲਾਈਟ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਉਨ੍ਹਾਂ ਦੀ ਗਤੀਸ਼ੀਲ ਅਗਵਾਈ ਹੇਠ ਇਹ ਸਮਾਰੋਹ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ । ਨਵੇਂ ਪਾਸ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ ਜੋ ਦੇਸ਼ ਦੀ ਤਰੱਕੀ ਨੂੰ ਨਿਰਧਾਰਤ ਕਰੇਗੀ। ਮਾਨਯੋਗ ਮਹਿਮਾਨਾ ਨੇ ਸੰਸਥਾ ਦੀ ਮਲਟੀ ਐਂਟਰੀ-ਐਗਜ਼ਿਟ ਨੀਤੀ ਦੀ ਭੀ ਪ੍ਰਸ਼ੰਸਾ ਕੀਤੀ ਜੋ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਕੂਲ ਹੈ। ਉਨ੍ਹਾਂ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਜੀਵਨ ਵਿੱਚ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਅਤੇ ਰੁਕਾਵਟਾਂ ਦਾ ਸਾਹਮਣਾ ਧੀਰਜ, ਸਬਰ ਅਤੇ ਲਗਾਤਾਰ ਮਿਹਨਤ ਨਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮਾਰੋਹ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਕੁੱਲ 511 ਸਰਟੀਫਿਕੇਟ ਅਤੇ ਡਿਪਲੋਮਾ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ। ਉੱਚ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨੇ ਦੇ ਤਮਗੇ, ਚਾਂਦੀ ਦੇ ਤਮਗੇ ਅਤੇ ਮੈਰਿਟ ਸਰਟੀਫਿਕੇਟ ਵੀ ਦਿੱਤੇ ਗਏ। ਅੰਤ ਵਿੱਚ, ਸੰਸਥਾ ਦੇ ਡਾਇਰੈਕਟਰ ਪ੍ਰੋ. ਮਣੀ ਕਾਂਤ ਪਾਸਵਾਨ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਅਤੇ ਸਮਾਰੋਹ ਦਾ ਸਮਾਪਨ ਡੀਨ (ਅਕੈਡਮਿਕਸ) ਪ੍ਰੋ. ਏ. ਐਸ. ਸ਼ਾਹੀ ਵੱਲੋਂ ਧੰਨਵਾਦ ਪ੍ਰਗਟਾਵੇ ਨਾਲ ਕੀਤਾ ਗਿਆ।

Posted By: Daily Suraj Bureau

Latest News