ਮਸਤੂਆਣਾ ਸਾਹਿਬ ਵਿਖੇ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਹੈਂਡਬਾਲ (ਮੈੱਨ) ਚੈਂਪੀਅਨਸ਼ਿਪ ਚੌਥੇ ਦਿਨ 'ਚ ਦਾਖ਼ਲ, ਫਾਈਨਲ ਮੁਕਾਬਲੇ ਭਲਕੇ
ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਸਕੂਲ-ਕਾਲਜ ਪੱਧਰ 'ਤੇ ਮਜ਼ਬੂਤ ਢਾਂਚੇ ਦੀ ਲੋੜ: ਡਾ. ਭੀਮਇੰਦਰ ਸਿੰਘ (ਜਗਸੀਰ ਸਿੰਘ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰਹਿਨੁਮਾਈ ਅਤੇ ਅਕਾਲ ਕਾਲਜ ਕੌਂਸਲ ਦੇ ਵਿਸ਼ੇਸ਼ ਸਹਿਯੋਗ ਨਾਲ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਮਸਤੂਆਣਾ ਸਾਹਿਬ ਵਿਖੇ ਚੱਲ ਰਹੀ ਪੰਜ ਰੋਜ਼ਾ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਹੈਂਡਬਾਲ (ਮਰਦ) ਚੈਂਪੀਅਨਸ਼ਿਪ ਅੱਜ ਪੂਰੇ ਜੋਸ਼ੋ-ਖਰੋਸ਼ ਨਾਲ ਆਪਣੇ ਚੌਥੇ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਸ ਵੱਕਾਰੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਭਲਕੇ ਖੇਡੇ ਜਾਣਗੇ। ਅੱਜ ਦੇ ਫਸਵੇਂ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ, ਡਾ. ਭੀਮਇੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖਿਡਾਰੀਆਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜਿੱਥੇ ਆਪਣੇ ਨਿੱਜੀ ਖੇਡ ਜੀਵਨ ਦੇ ਤਜ਼ਰਬੇ ਸਾਂਝੇ ਕਰਕੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ, ਉੱਥੇ ਹੀ ਵਿਸ਼ਵ ਪੱਧਰ 'ਤੇ ਹੈਂਡਬਾਲ ਖੇਡ ਦੇ ਵਧਦੇ ਰੁਝਾਨ ਅਤੇ ਮੁਕਾਮ ਬਾਰੇ ਵੀ ਚਾਨਣਾ ਪਾਇਆ। ਖੇਡਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਡਾ. ਸਿੰਘ ਨੇ ਜ਼ੋਰ ਦੇ ਕੇ ਕਿਹਾ, "ਸਾਨੂੰ ਸਕੂਲ ਅਤੇ ਕਾਲਜ ਪੱਧਰ 'ਤੇ ਖੇਡਾਂ ਲਈ ਇੱਕ ਮਜ਼ਬੂਤ ਢਾਂਚਾ ਤਿਆਰ ਕਰਨਾ ਚਾਹੀਦਾ ਹੈ, ਤਾਂ ਜੋ ਉੱਭਰਦੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।" ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਐਸ.ਪੀ. ਸੰਗਰੂਰ, ਸ੍ਰੀ ਦਵਿੰਦਰ ਅੱਤਰੀ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਸ਼ਾਨਦਾਰ ਖੇਡ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਅਕਾਲ ਕਾਲਜ ਕੌਂਸਲ, ਮਸਤੂਆਣਾ ਸਾਹਿਬ ਵੱਲੋਂ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਵਿਸ਼ੇਸ਼ ਖੇਡ ਸਮਾਗਮ ਵਿੱਚ ਅਕਾਲ ਕਾਲਜ ਕੌਂਸਲ ਦੇ ਅਹੁਦੇਦਾਰਾਂ ਅਤੇ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਸ੍ਰ. ਜਸਵੰਤ ਸਿੰਘ ਖਹਿਰਾ (ਸਕੱਤਰ, ਅਕਾਲ ਕਾਲਜ ਕੌਂਸਲ) ਸੀਨੀਅਰ ਕੌਂਸਲ ਮੈਂਬਰ ਡਾ. ਭੁਪਿੰਦਰ ਸਿੰਘ ਪੂਨੀਆ, ਸ੍ਰ. ਗਮਦੂਰ ਸਿੰਘ ਬਹਾਦਰਪੁਰ, ਸ੍ਰ. ਹਾਕਮ ਸਿੰਘ ਬਹਾਦਰਪੁਰ, ਸ੍ਰ. ਗੁਰਜੰਟ ਸਿੰਘ ਦੁੱਗਾਂ, ਐਡਵੋਕੇਟ ਮਨਜੀਤ ਸਿੰਘ ਬਾਲੀਆਂ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਡਾ. ਗੁਰਸ਼ਰਨ ਸਿੰਘ ਗਿੱਲ, ਪ੍ਰਿੰਸੀਪਲ ਡਾ. ਗੀਤਾ ਠਾਕੁਰ, ਪ੍ਰਿੰਸੀਪਲ ਡਾ. ਵਿਜੈ ਪਲਾਹਾ, ਡਾ. ਜਤਿੰਦਰ ਦੇਵ, ਪ੍ਰੋ. ਸੁਖਵਿੰਦਰ ਸਿੰਘ ਮਾਨ, ਪ੍ਰੋ ਹਰਜਿੰਦਰ ਸਿੰਘ, ਪ੍ਰੋ. ਸੋਹਨਦੀਪ ਸਿੰਘ, ਪ੍ਰੋ. ਰਾਜਵਿੰਦਰ ਸਿੰਘ ਧਨੌਲਾ, ਪ੍ਰੋ. ਰਜਨ, ਪ੍ਰੋ. ਰਮਨਦੀਪ ਕੌਰ ਸਮੇਤ ਕਾਲਜ ਦਾ ਸਮੂਹ ਸਟਾਫ਼ ਅਤੇ ਖੇਡ ਜਗਤ ਦੀਆਂ ਕਈ ਨਾਮਵਰ ਹਸਤੀਆਂ ਮੌਜੂਦ ਸਨ।
Posted By: Daily Suraj Bureau