Daily Suraj

ਪੰਜਾਬੀ

ਨਵੀਂ ਦਿੱਲੀ 'ਚ 18ਵੇਂ ਬ੍ਰਿਕਸ ਸੰਮੇਲਨ ਦਾ ਆਗਾਜ਼: ਪ੍ਰਧਾਨ ਮੰਤਰੀ ਮੋਦੀ ਨੇ ਗਲੋਬਲ ਗਵਰਨੈਂਸ ਲਈ ਦਿੱਤਾ 10-ਨੁਕਾਤੀ ਰੋਡਮੈਪ

12 Sep, 2026 04:05 PM

ਭਾਰਤ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਏ 18ਵੇਂ ਬ੍ਰਿਕਸ (BRICS) ਸੰਮੇਲਨ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ 'ਭਾਰਤ ਮੰਡਪਮ' (Bharat Mandapam) ਪਹੁੰਚੇ। ਉਨ੍ਹਾਂ ਨਾਲ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਮੌਜੂਦ ਸਨ। ਇਸ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਖਾਲਿਦ ਬਿਨ ਮੁਹੰਮਦ ਅਲ ਨਾਹਯਾਨ ਵੀ ਸਮਾਗਮ ਵਾਲੀ ਥਾਂ 'ਤੇ ਪਹੁੰਚ ਚੁੱਕੇ ਹਨ। ਸੰਮੇਲਨ ਦੌਰਾਨ ਬ੍ਰਿਕਸ ਦੇਸ਼ਾਂ ਦੇ ਨੁਮਾਇੰਦਿਆਂ ਨੇ ‘ਸਮਾਵੇਸ਼ੀ ਗਲੋਬਲ ਗਵਰਨੈਂਸ ਅਤੇ ਬਹੁਪੱਖੀਵਾਦ ਨੂੰ ਮਜ਼ਬੂਤ ਕਰਨ’ (Inclusive Global Governance and Strengthening Multilateralism) ਵਿਸ਼ੇ ’ਤੇ ਇੱਕ ਅਹਿਮ ਬੰਦ ਕਮਰਾ ਬੈਠਕ ਕੀਤੀ। ਇਸ ਤੋਂ ਇਲਾਵਾ ਸੰਮੇਲਨ ’ਚ ਆਏ ਆਗੂਆਂ ਨੇ ‘ਭਾਰਤ ਇਨੋਵੇਟਸ ਪ੍ਰਦਰਸ਼ਨੀ’ (Bharat Innovates Exhibition) ਦਾ ਨਿਰੀਖਣ ਵੀ ਕੀਤਾ। ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 20 ਸਾਲਾਂ ਵਿੱਚ ਬ੍ਰਿਕਸ ਸੰਗਠਨ ਨੇ ਵਿਸ਼ਵ ਮੰਚ ’ਤੇ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਪਛਾਣ ਬਣਾਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬ੍ਰਿਕਸ ਸਮੂਹ ਕਿਸੇ ਵੀ ਦੇਸ਼ ਜਾਂ ਸੰਸਥਾ ਦੇ ਵਿਰੁੱਧ ਨਹੀਂ ਹੈ, ਸਗੋਂ ਇਹ ਗਲੋਬਲ ਸਾਊਥ ਦੇ ਦੇਸ਼ਾਂ ਦੇ ਹਿੱਤਾਂ ਦੀ ਰਾਖੀ ਅਤੇ ਵਿਸ਼ਵ ਵਿੱਚ ਸੰਤੁਲਨ ਬਣਾਉਣ ਲਈ ਕੰਮ ਕਰਦਾ ਹੈ। ਵਿਸ਼ਵਵਿਆਪੀ ਚੁਣੌਤੀਆਂ ਅਤੇ ਸ਼ਾਸਨ ਪ੍ਰਣਾਲੀ ’ਚ ਸੁਧਾਰ ’ਤੇ ਚਰਚਾ ਕਰਦਿਆਂ ਪੀਐੱਮ ਮੋਦੀ ਨੇ ‘ਗਲੋਬਲ ਗਵਰਨੈਂਸ’ (Global Governance) ਲਈ ਇੱਕ ਮਹੱਤਵਪੂਰਨ 10-ਨੁਕਾਤੀ ਰੋਡਮੈਪ ਪੇਸ਼ ਕੀਤਾ, ਜਿਸ ਦਾ ਮੁੱਖ ਮਨੋਰਥ ਕੌਮਾਂਤਰੀ ਸੰਸਥਾਵਾਂ ਵਿੱਚ ਸੁਧਾਰ ਲਿਆਉਣਾ, ਸਥਿਰ ਵਿਕਾਸ ਨੂੰ ਉਤਸ਼ਾਹਿਤ ਕਰਨਾ, ਜਲਵਾਯੂ ਪਰਿਵਰਤਨ ਨਾਲ ਨਜਿੱਠਣਾ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਮਾਵੇਸ਼ੀ ਸਹਿਯੋਗ ਵਧਾਉਣਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ 18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸ਼ਨੀਵਾਰ ਸਵੇਰੇ ਬੀਜਿੰਗ ਤੋਂ ਰਵਾਨਾ ਹੋ ਕੇ ਨਵੀਂ ਦਿੱਲੀ ਪਹੁੰਚੇ। ਉਨ੍ਹਾਂ ਦੇ ਨਾਲ ਸੀ.ਪੀ.ਸੀ. ਦੀ ਪੋਲਿਟ ਬਿਊਰੋ ਦੀ ਸਥਾਈ ਕਮੇਟੀ ਦੇ ਮੈਂਬਰ ਕਾਈ ਕਿ ਅਤੇ ਵਿਦੇਸ਼ ਮੰਤਰੀ ਵਾਂਗ ਯੀ ਵੀ ਸ਼ਾਮਲ ਹਨ। ਲਗਭਗ ਸੱਤ ਸਾਲਾਂ ਵਿੱਚ ਰਾਸ਼ਟਰਪਤੀ ਸ਼ੀ ਦਾ ਇਹ ਪਹਿਲਾ ਭਾਰਤ ਦੌਰਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਓ ਨਿੰਗ ਅਨੁਸਾਰ, ਦੋਵਾਂ ਨੇਤਾਵਾਂ ਦੀ ਇਹ ਲਗਾਤਾਰ ਤੀਜੀ ਮੁਲਾਕਾਤ ਹੋਵੇਗੀ ਅਤੇ ਚੀਨ ਭਾਰਤ ਨਾਲ ਸੰਚਾਰ ਵਧਾਉਣ, ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਮਤਭੇਦਾਂ ਨੂੰ ਢੁਕਵੇਂ ਢੰਗ ਨਾਲ ਨਜਿੱਠਣ ਲਈ ਤਿਆਰ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਹੈਦਰਾਬਾਦ ਹਾਊਸ ਵਿਖੇ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨਾਲ ਦੁਵੱਲੀ ਮੀਟਿੰਗ ਕੀਤੀ। ਇਥੋਪੀਆ ਦੇ ਪ੍ਰਧਾਨ ਮੰਤਰੀ ਦਾ ਭਾਰਤ ਪਹੁੰਚਣ 'ਤੇ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਸਵਾਗਤ ਕੀਤਾ। ਉਨ੍ਹਾਂ ਨਾਲ ਇਥੋਪੀਆ ਦੇ ਵਿਦੇਸ਼ ਮੰਤਰੀ ਗੇਡੀਅਨ ਤਿਮੋਥੇਵੋਸ ਵੀ ਮੌਜੂਦ ਹਨ। ਰੱਖਿਆ ਮੰਤਰਾਲੇ ਅਨੁਸਾਰ ਦੋਵਾਂ ਨੇਤਾਵਾਂ ਨੇ ਸਿਖਲਾਈ, ਰੱਖਿਆ ਉਦਯੋਗ ਸਹਿਯੋਗ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਸਮੇਤ ਭਾਰਤ-ਇਥੋਪੀਆ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਮਿਸਰ, ਇਥੋਪੀਆ, ਇਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਜਨਵਰੀ 2024 ਵਿੱਚ ਅਤੇ ਇੰਡੋਨੇਸ਼ੀਆ ਜਨਵਰੀ 2025 ਵਿੱਚ ਬ੍ਰਿਕਸ ਦੇ ਪੂਰੇ ਮੈਂਬਰ ਬਣੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਵੀ ਦੁਵੱਲੀ ਮੀਟਿੰਗ ਕੀਤੀ। ਮਲੇਸ਼ੀਆ ਇਸ ਸੰਮੇਲਨ ਵਿੱਚ 'ਬ੍ਰਿਕਸ ਭਾਈਵਾਲ ਦੇਸ਼' (Partner Country) ਵਜੋਂ ਸ਼ਾਮਲ ਹੋ ਰਿਹਾ ਹੈ। ਮੀਟਿੰਗ ਦੌਰਾਨ ਗਲੋਬਲ ਗਵਰਨੈਂਸ, ਟਿਕਾਊ ਵਿਕਾਸ, ਵਪਾਰ, ਨਿਵੇਸ਼ ਅਤੇ ਡਿਜੀਟਲ ਤਬਦੀਲੀ 'ਤੇ ਚਰਚਾ ਹੋਈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਆਪਣੇ ਦੌਰੇ ਦੌਰਾਨ ਕੇਰਲ ਵੀ ਜਾਣਗੇ, ਜਿੱਥੇ ਉਹ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ, ਮੁੱਖ ਮੰਤਰੀ ਵੀ.ਡੀ. ਸਤੀਸਨ ਅਤੇ ਭਾਰਤ ਦੇ ਗ੍ਰੈਂਡ ਮੁਫ਼ਤੀ ਸ਼ੇਖ ਅਬੂਬਕਰ ਅਹਿਮਦ ਨਾਲ ਮੁਲਾਕਾਤ ਕਰਨਗੇ।

Posted By: Daily Suraj Bureau

Latest News