ਦ੍ਰਿਸ਼ਟੀ ਸਕੂਲ ਵਿੱਚ ‘ਕਲਾਸਰੂਮ ਵਿੱਚ ਏ ਆਈ ਦੀ ਵਰਤੋਂ’ ਵਿਸ਼ੇ ’ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ
ਜੋਧਾਂ (ਮਨਦੀਪ) ਦ੍ਰਿਸ਼ਟੀ ਡਾ. ਆਰ. ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ, ਨਾਰੰਗਵਾਲ ਵਿੱਚ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ਤਕਨੀਕ ਨਾਲ ਜੋੜਨ ਅਤੇ ਉਨ੍ਹਾਂ ਦੀ ਪੇਸ਼ੇਵਰ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਪੈਸਟੀ ਬਿਲਡਿੰਗ ਪ੍ਰੋਗਰਾਮ ਅਧੀਨ “ਯੂਸ ਆਫ਼ ਆਲ ਇਨ ਦੀ ਕਲਾਸਰੂਮ” ਵਿਸ਼ੇ ’ਤੇ ਇੱਕ ਵਿਸ਼ੇਸ਼ ਸਿਖਲਾਈ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਕ੍ਰਿਤ੍ਰਿਮ ਬੁੱਧੀ ਦੀ ਸਿੱਖਿਆ ਖੇਤਰ ਵਿੱਚ ਪ੍ਰਭਾਵਸ਼ਾਲੀ, ਜ਼ਿੰਮੇਵਾਰ ਅਤੇ ਨੈਤਿਕ ਵਰਤੋਂ ਸਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਵਰਕਸ਼ਾਪ ਦੀ ਅਗਵਾਈ ਸੀ ਬੀ ਐਸ ਈ-ਪ੍ਰਮਾਣਿਤ ਰਿਸੋਰਸ ਪਰਸਨ ਅਤੇ ਪ੍ਰਸਿੱਧ ਸਿੱਖਿਆ ਮਾਹਿਰ ਸ਼੍ਰੀਮਤੀ ਦੀਪਾਲੀ ਮਹਨਾ, ਹੈੱਡਮਿਸਟ੍ਰੈੱਸ (ਸੀਨੀਅਰ), ਬਾਲ ਭਾਰਤੀ ਪਬਲਿਕ ਸਕੂਲ, ਲੁਧਿਆਣਾ ਅਤੇ ਸ਼੍ਰੀ ਅਮਨਦੀਪ ਸਿੰਘ ਰੂਪੜਾਈ, ਵਾਈਸ ਪ੍ਰਿੰਸੀਪਲ, ਸੈਂਟੀਨਲ ਕੈਂਬਰਿਜ ਇੰਟਰਨੈਸ਼ਨਲ ਸਕੂਲ, ਬਲਾਚੌਰ ਵੱਲੋਂ ਕੀਤੀ ਗਈ। ਰਿਸੋਰਸ ਪਰਸਨਜ਼ ਨੇ ਅਧਿਆਪਕਾਂ ਨੂੰ ਏ ਆਈ ਦੇ ਵੱਖ-ਵੱਖ ਵਿਹਾਰਕ ਉਪਯੋਗਾਂ ਨਾਲ ਜਾਣੂ ਕਰਵਾਉਂਦਿਆਂ ਦੱਸਿਆ ਕਿ ਕਿਵੇਂ ਏ ਆਈ ਦੀ ਮਦਦ ਨਾਲ ਪਾਠ ਯੋਜਨਾਵਾਂ ਤਿਆਰ ਕਰਨ, ਵਿਦਿਆਰਥੀਆਂ ਦੀਆਂ ਲੋੜਾਂ ਅਨੁਸਾਰ ਸਿੱਖਣ ਸਮੱਗਰੀ ਵਿਕਸਿਤ ਕਰਨ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ। ਇਸ ਦੌਰਾਨ ਏ ਆਈ ਆਧਾਰਿਤ ਸਾਧਨਾਂ ਰਾਹੀਂ ਵਿਅਕਤੀਗਤ ਸਿੱਖਿਆ, ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਉੱਚ ਪੱਧਰੀ ਚਿੰਤਨ ਕੌਸ਼ਲ ਨੂੰ ਵਿਕਸਿਤ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਬੁਲਾਰਿਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਏ ਆਈ ਅਧਿਆਪਕਾਂ ਦਾ ਬਦਲ ਨਹੀਂ, ਸਗੋਂ ਉਨ੍ਹਾਂ ਦੀ ਸਮਰੱਥਾ ਨੂੰ ਵਧਾਉਣ ਵਾਲਾ ਇੱਕ ਪ੍ਰਭਾਵਸ਼ਾਲੀ ਸਾਧਨ ਹੈ। ਇਸ ਲਈ ਤਕਨੀਕ ਦੀ ਵਰਤੋਂ ਹਮੇਸ਼ਾ ਅਧਿਆਪਕ ਦੀ ਸੂਝ-ਬੂਝ, ਮਾਰਗਦਰਸ਼ਨ ਅਤੇ ਮਨੁੱਖੀ ਮੁੱਲਾਂ ਦੇ ਨਾਲ ਕੀਤੀ ਜਾਣੀ ਚਾਹੀਦੀ ਹੈ। ਵਰਕਸ਼ਾਪ ਦੌਰਾਨ ਏ ਆਈ ਦੀ ਜ਼ਿੰਮੇਵਾਰ ਅਤੇ ਨੈਤਿਕ ਵਰਤੋਂ, ਡਾਟਾ ਦੀ ਗੋਪਨੀਯਤਾ, ਡਿਜੀਟਲ ਸੁਰੱਖਿਆ ਅਤੇ ਸਾਈਬਰ ਹਾਈਜੀਨ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵੀ ਅਧਿਆਪਕਾਂ ਨੂੰ ਜਾਗਰੂਕ ਕੀਤਾ ਗਿਆ। ਸਕੂਲ ਦੇ ਡਿਜੀਟਲ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਅਤੇ ਵਿਦਿਆਰਥੀਆਂ ਵੱਲੋਂ ਤਕਨਾਲੋਜੀ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ ਲਈ ਵਿਹਾਰਕ ਦਿਸ਼ਾ-ਨਿਰਦੇਸ਼ ਵੀ ਸਾਂਝੇ ਕੀਤੇ ਗਏ। ਇਹ ਸੈਸ਼ਨ ਬਹੁਤ ਹੀ ਅੰਤਰਕਿਰਿਆਤਮਕ ਅਤੇ ਵਿਹਾਰਕ ਰਿਹਾ। ਅਧਿਆਪਕਾਂ ਨੇ ਖੁਦ ਏ ਆਈ ਦੇ ਵੱਖ-ਵੱਖ ਸਾਧਨਾਂ ਨੂੰ ਵਰਤ ਕੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਸਮਝਿਆ ਅਤੇ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ। ਇਸ ਸਿਖਲਾਈ ਨੇ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ-ਵਿਧੀਆਂ ਅਤੇ ਤਕਨਾਲੋਜੀ-ਅਧਾਰਿਤ ਅਧਿਆਪਨ ਨੂੰ ਕਲਾਸਰੂਮ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਨਵੀਂ ਦਿਸ਼ਾ ਪ੍ਰਦਾਨ ਕੀਤੀ। ਵਰਕਸ਼ਾਪ ਦੇ ਅੰਤ ਵਿੱਚ ਸਕੂਲ ਵੱਲੋਂ ਰਿਸੋਰਸ ਪਰਸਨਜ਼ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
Posted By: Daily Suraj Bureau