Daily Suraj

ਪੰਜਾਬੀ

ਅੰਮ੍ਰਿਤਸਰ ’ਚ ਵੱਡੀ ਦਹਿਸ਼ਤੀ ਸਾਜ਼ਿਸ਼ ਨਾਕਾਮ, ਪੁਲੀਸ ਚੌਕੀ ਨਿਸ਼ਾਨੇ ’ਤੇ

21 Feb, 2026 01:20 PM

ਅੰਮ੍ਰਿਤਸਰ ਦੇ ਰਈਆ ਵਿੱਚ ਸ਼ੁੱਕਰਵਾਰ ਦੇਰ ਰਾਤ ਪੰਜਾਬ ਪੁਲੀਸ ਨੇ ਇੱਕ ਵੱਡੀ ਅਤਿਵਾਦੀ ਘਟਨਾ ਨੂੰ ਟਾਲਦਿਆਂ ਬਿਆਸ ਪੁਲੀਸ ਸਟੇਸ਼ਨ ਦੇ ਅਧੀਨ ਆਉਂਦੀ ਰਈਆ ਪੁਲੀਸ ਚੌਕੀ ਨੂੰ ਉਡਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਜਾਣਕਾਰੀ ਅਨੁਸਾਰ, ਪੁਲੀਸ ਚੌਕੀ ਦੇ ਪਿੱਛੇ ਇੱਕ ਸ਼ੱਕੀ ਵਸਤੂ ਮਿਲੀ ਸੀ, ਜਿਸ ਦੀ ਪਛਾਣ ਆਈ.ਈ.ਡੀ. (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਵਜੋਂ ਹੋਈ। ਸੂਚਨਾ ਮਿਲਦੇ ਹੀ ਸੁਰੱਖਿਆ ਏਜੰਸੀਆਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਸ਼ਨੀਵਾਰ ਤੜਕੇ ਬੰਬ ਨਿਰੋਧਕ ਦਸਤੇ ਨੇ ਇਸ ਖਤਰਨਾਕ ਯੰਤਰ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ। ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਸੋਹੇਲ ਕਾਸਿਮ ਮੀਰ ਨੇ ਦੱਸਿਆ ਕਿ ਫੋਰਸ ਦੀ ਮੁਸਤੈਦੀ ਸਦਕਾ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ ਹੈ। ਪੁਲੀਸ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਇਸ ਘਟਨਾ ਪਿੱਛੇ ਕਿਸੇ ਅਤਿਵਾਦੀ ਸੰਗਠਨ ਦਾ ਹੱਥ ਹੈ ਜਾਂ ਫਿਰ ਕਿਸੇ ਗੈਂਗਸਟਰ ਗਰੁੱਪ ਨੇ ਪੁਲੀਸ ਨੂੰ ਨਿਸ਼ਾਨਾ ਬਣਾਉਣ ਲਈ ਇਹ ਹਰਕਤ ਕੀਤੀ ਹੈ। ਫਿਲਹਾਲ ਕਿਸੇ ਵੀ ਜਥੇਬੰਦੀ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲੀਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਵਿਸਫੋਟਕ ਰੱਖਣ ਵਾਲੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Posted By: Daily Suraj Bureau

Latest News