2392 ਅਧਿਆਪਕ ਯੂਨੀਅਨ ਦਾ ਵਫ਼ਦ ਡਾਇਰੈਕਟਰ ਸਕੂਲ ਸਿੱਖਿਆ ਨੂੰ ਮਿਲਿਆ

2392 ਅਧਿਆਪਕ ਯੂਨੀਅਨ ਦਾ ਵਫ਼ਦ ਡਾਇਰੈਕਟਰ ਸਕੂਲ ਸਿੱਖਿਆ ਨੂੰ ਮਿਲਿਆ

ਐੱਸਏਐੱਸ ਨਗਰ : 2392 ਅਧਿਆਪਕ ਯੂਨੀਅਨ ਦਾ ਵਫ਼ਦ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਡਾਇਰੈਕਟਰ ਸਕੂਲ ਸਿੱਖਿਆ (ਸੈ.ਸਿ.) ਨੂੰ 899 ਅੰਗਰੇਜ਼ੀ ਪੋਸਟਾਂ ਦੀ ਰੀਕਾਸਟ ਲਿਸਟਾਂ ਦੇ ਸਬੰਧ ਵਿੱਚ ਭਰਵੇਂ ਰੂਪ ਵਿੱਚ ਮਿਲਿਆ। ਇਸ ਦੌਰਾਨ ਜਥੇਬੰਦੀ ਦੇ ਸੂਬਾ ਆਗੂ ਯੁੱਧਜੀਤ ਸਿੰਘ ਤੇ ਡੀਟੀਐੱਫ ਦੇ ਜੁਆਇੰਟ ਸਕੱਤਰ ਦਿਲਜੀਤ ਸਿੰਘ ਸਮਰਾਲਾ ਵੱਲੋਂ ਸਰਕਾਰ ਦੇ ਨਾਂ ਇਕ ਚਿਤਾਵਨੀ ਪੱਤਰ ਵੀ ਦਿੱਤਾ ਗਿਆ ਤੇ ਡੀਐੱਸਸੀ ਨੂੰ ਬੇਨਤੀ ਕੀਤੀ ਗਈ ਕਿ ਰੀਕਾਸਟ ਲਿਸਟ ਵਿੱਚੋਂ ਲਗਭਗ 100 ਤੋਂ ਵੱਧ ਅਧਿਆਪਕਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ ਜੋ ਕਿ ਪਿਛਲੇ ਚਾਰ ਸਾਲਾ ਤੋਂ ਵੱਖ-ਵੱਖ ਸਕੂਲਾਂ ਵਿੱਚ ਆਪਣੇ ਘਰਾਂ ਤੋਂ 300 ਤੋਂ 400 ਕਿਲੋਮੀਟਰ ਦੂਰ ਸੇਵਾਵਾਂ ਨਿਭਾ ਰਹੇ ਹਨ ਤੇ ਸਰਕਾਰ ਦੇ ਸਿੱਖਿਆ ਕ੍ਰਾਂਤੀ ਮਾਡਲ ਨੂੰ ਵੱਧ ਚੜ੍ਹ ਕੇ ਪੂਰਾ ਕਰ ਰਹੇ ਹਨ ਅਤੇ ਆਪਣਾ ਪਰਖ਼ ਸਮਾਂ ਵੀ ਪੂਰਾ ਕਰ ਲਿਆ ਹੈ ਪਰ ਪਿਛਲੇ ਦਿਨੀਂ ਵਿਭਾਗ ਵੱਲੋਂ ਇਕ ਰੀਕਾਸਟ ਲਿਸਟ ਜਾਰੀ ਕਰ ਦਿੱਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੇ ਨਾਮ ਬਾਹਰ ਕਰ ਦਿੱਤੇ ਗਏ। 

ਜਿਸ ਕਾਰਨ ਅਧਿਆਪਕਾਂ ਵਿੱਚ ਕਾਫੀ ਨਿਰਾਸ਼ਾ ਤੇ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਅੱਜ ਵੱਡੀ ਗਿਣਤੀ ਵਿੱਚ 899 ਅੰਗਰੇਜ਼ੀ ਅਧਿਆਪਕਾਂ ਦਾ ਵਫ਼ਦ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਡੀਐੱਸਈ (ਸੈ.ਸਿ.) ਨੂੰ ਮਿਲਿਆ। ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਵੀ ਮੰਨਿਆ ਕਿ ਇਹ ਵਿਭਾਗੀ ਗ਼ਲਤੀ ਹੈ, ਜਿਸ ਕਰ ਕੇ ਕਿਸੇ ਵੀ ਅਧਿਆਪਕ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ, ਜੋ ਵੀ ਈਡਬਲਯੂਐੱਸ ਅਧਿਆਪਕ ਵਾਲੇ ਸਾਥੀ ਨਵੇਂ ਭਰਤੀ ਹੋ ਰਹੇ ਨੇ ਉਨ੍ਹਾਂ ਨੂੰ ਪੋਸਟਾਂ ਦਾ ਵਾਧਾ ਕਰ ਕੇ ਇਸ ਭਰਤੀ ਵਿੱਚ ਸ਼ਾਮਲ ਕੀਤਾ ਜਾਵੇਗਾ। 

ਇਸ ਗੱਲ ਦਾ ਉਨ੍ਹਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਇਹ ਗੱਲ ਸਿੱਖਿਆ ਮੰਤਰੀ ਦੇ ਨਾਲ ਵੀ ਵਿਚਾਰੀ ਜਾਵੇਗੀ ਤੇ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਵੇਗਾ। ਆਗੂ ਸਾਥੀਆਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਮਸਲੇ ਦਾ ਕੋਈ ਠੋਸ ਹੱਲ ਨਹੀਂ ਕੱਢਦੀ ਤਾਂ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਸਾਥੀਆਂ ਵੱਲੋਂ ਕਾਨੂੰਨੀ ਸਹਾਇਤਾ ਦੇ ਨਾਲ-ਨਾਲ ਜ਼ਮੀਨੀ ਸੰਘਰਸ਼ ਵੀ ਸ਼ੁਰੂ ਕੀਤਾ ਜਾਵੇਗਾ ਅਤੇ ਗੰਭੀਰਪੁਰ ਵਿਖੇ ਵੀ ਧਰਨਾ ਲਗਾਇਆ ਜਾਵੇਗਾ। 

ਆਗੂਆਂ ਨੇ ਚਿਤਾਵਨੀ ਦਿੱਤੀ ਕਿ ਲੁਧਿਆਣਾ ਜ਼ਿਮਨੀ ਚੋਣਾਂ ’ਚ ਸਰਕਾਰ ਨੂੰ ਇਸ ਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਮੌਕੇ ਯੁੱਧਜੀਤ ਸਿੰਘ ਪ੍ਰਧਾਨ (2392 ਯੂਨੀਅਨ), ਡੀਟੀਐੱਫ ਆਗੂ ਦਿਲਜੀਤ ਸਿੰਘ ਸਮਰਾਲਾ, ਰੀਕਾਸਟ ਲਿਸਟ ਤੋਂ ਬਾਹਰ ਹੋਏ ਅਧਿਆਪਕ ਸਾਥੀ ਮੌਜੂਦ ਸਨ।

#TeachersUnion #EducationReforms #TeacherRights #SchoolEducation #EducationMatters #TeachersOfIndia #UnionMeeting #EducationPolicy #TeacherWelfare