ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ
ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਸ਼ੁਭ ਅਵਸਰ 'ਤੇ ਡਾ. ਨਿਰਮਲ ਜੌੜਾ (ਡਾਇਰੈਕਟਰ,ਸਟੂਡੈਂਟ ਵੈੱਲਫੇਅਰ ਪੀ.ਏ. ਯੂ. ਲੁਧਿਆਣਾ ) ਮੁੱਖ ਮਹਿਮਾਨ ਦੇ ਤੌਰ 'ਤੇ ਕਾਲਜ ਪਹੁੰਚੇ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਤੇ ਕਾਲਜ ਪ੍ਰਿੰਸੀਪਲ ਡਾ.ਅਜੀਤ ਕੌਰ ਨੇ ਡਾ. ਨਿਰਮਲ ਜੌੜਾ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਧੂਣੀ ਬਾਲ ਕੇ ਧੀਆਂ ਦੀ ਲੋਹੜੀ ਮਨਾਈ ਗਈ।ਲੋਹੜੀ ਦੇ ਤਿਉਹਾਰ ਮੌਕੇ ਸਾਰਿਆਂ ਦੀ ਖੁਸ਼ਹਾਲੀ ਅਤੇ ਸਫ਼ਲਤਾ ਦੀ ਕਾਮਨਾ ਕੀਤੀ ਗਈ। ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਡਾ. ਨਿਰਮਲ ਜੌੜਾ ਨੇ ਸਾਰੀਆਂ ਧੀਆਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਧੀਆਂ ਦੀ ਅਸਲ ਲੋਹੜੀ ਇਹਨਾਂ ਦੀ ਸਿੱਖਿਆ ਹੈ ਜੋ ਇਹਨਾਂ ਨੂੰ ਜੀਵਨ ਦੇ ਹਰ ਮੋੜ 'ਤੇ ਕਾਮਯਾਬ ਬਣਾਉਣ ਵਿੱਚ ਸਹਾਈ ਹੁੰਦੀ ਹੈ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਜੀ ਨੇ ਜਿੱਥੇ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਉੱਥੇ ਹੀ ਲੋਹੜੀ ਦੀ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੀਆਂ ਧੀਆਂ ਦੀ ਲੋਹੜੀ ਬੜੇ ਉਤਸ਼ਾਹ ਨਾਲ ਮਨਾਉਣੀ ਚਾਹੀਦੀ ਹੈ। ਆਪਣੀਆਂ ਧੀਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਹੀ ਉਨ੍ਹਾਂ ਦੀ ਅਸਲੀ ਲੋਹੜੀ ਹੈ।” ਪ੍ਰਿੰਸੀਪਲ ਮੈਡਮ ਡਾ.ਅਜੀਤ ਕੌਰ ਜੀ ਨੇ ਸਭ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਨਾਲ ਹੀ ਸਾਰਿਆਂ ਦੇ ਪਰਿਵਾਰ ਅਤੇ ਸਮਾਜ ਦੀ ਭਲਾਈ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਮੂੰਗਫਲੀ, ਰਿਓੜੀ, ਤਿਲਾਂ ਤੋਂ ਬਣਿਆ ਭੋਜਨ , ਗੁੜ ਖਾ ਕੇ ਲੋਹੜੀ ਦਾ ਤਿਉਹਾਰ ਰਲ ਮਿਲ ਕੇ ਮਨਾਇਆ ਗਿਆ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਸ.ਗੁਰਚਰਨ ਸਿੰਘ ਲੋਟੇ ਨੇ ਸਾਰਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਭੇਜੀ। ਅੰਤ ਵਿੱਚ ਕਾਲਜ ਪਹੁੰਚੇ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Posted By: Daily Suraj Bureau