ਗਲੋਬਲ ਤੇਲ ਕੀਮਤਾਂ ਦਾ ਅਸਰ, LPG ਸਿਲੰਡਰਾਂ ਦੀਆਂ ਦਰਾਂ ਵਿੱਚ ਤੇਜ਼ੀ
ਸ਼ੁੱਕਰਵਾਰ ਤੋਂ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਖਾਸ ਤੌਰ ’ਤੇ ਭੋਜਨ ਅਤੇ ਪ੍ਰਾਹੁਣਚਾਰੀ ਖੇਤਰ ਦੇ ਕਾਰੋਬਾਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਹ ਵਾਧਾ ਸਿਰਫ਼ ਵਪਾਰਕ ਸਿਲੰਡਰਾਂ ’ਤੇ ਲਾਗੂ ਕੀਤਾ ਗਿਆ ਹੈ, ਜਦੋਂ ਕਿ ਘਰੇਲੂ ਉਪਭੋਗਤਾਵਾਂ ਲਈ ਵਰਤੇ ਜਾਣ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਸਰੋਤਾਂ ਅਨੁਸਾਰ, 19 ਕਿਲੋ ਵਾਲੇ ਵਪਾਰਕ LPG ਸਿਲੰਡਰ ਦੀ ਕੀਮਤ ਵਿੱਚ 993 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਨਾਲ ਦਿੱਲੀ ਵਿੱਚ ਇਸ ਦੀ ਕੀਮਤ ਹੁਣ 3,071.50 ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ, 5 ਕਿਲੋ ਦੇ ਫ੍ਰੀ ਟਰੇਡ LPG (FTL) ਸਿਲੰਡਰ ਦੀ ਕੀਮਤ ਵਿੱਚ ਵੀ 261 ਰੁਪਏ ਪ੍ਰਤੀ ਸਿਲੰਡਰ ਦਾ ਇਜਾਫਾ ਕੀਤਾ ਗਿਆ ਹੈ। ਇਸ ਦੇ ਉਲਟ, 14.2 ਕਿਲੋ ਵਾਲੇ ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਦੇਸ਼ ਭਰ ਵਿੱਚ ਲਗਭਗ 33 ਕਰੋੜ ਪਰਿਵਾਰ ਇਸਦਾ ਵਰਤੋਂ ਕਰਦੇ ਹਨ। ਇਹ ਸਪਸ਼ਟ ਕੀਤਾ ਗਿਆ ਹੈ ਕਿ ਤਾਜ਼ਾ ਕੀਮਤ ਸੋਧ ਸਿਰਫ਼ ਵਪਾਰਕ ਅਤੇ ਬਲਕ ਵਰਗਾਂ ’ਤੇ ਹੀ ਲਾਗੂ ਹੁੰਦੀ ਹੈ। ਇਹ ਵਾਧਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਪਿਛੋਕੜ ਵਿੱਚ ਆਇਆ ਹੈ। ਪੱਛਮੀ ਏਸ਼ੀਆ ਵਿੱਚ ਭੂ-ਰਾਜਨੀਤਿਕ ਤਣਾਅ ਕਾਰਨ ਹਾਲੀਆ ਹਫ਼ਤਿਆਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਉਥਲ-ਪੁਥਲ ਰਹੀ। ਬ੍ਰੈਂਟ ਕਰੂਡ ਦੀ ਕੀਮਤ ਵੀਰਵਾਰ ਨੂੰ 126 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਸੀ, ਜੋ ਸ਼ੁੱਕਰਵਾਰ ਨੂੰ ਘਟ ਕੇ 113 ਡਾਲਰ ਪ੍ਰਤੀ ਬੈਰਲ ਰਹਿ ਗਈ। ਭਾਰਤ ਆਪਣੀ LPG ਦੀਆਂ ਲੋੜਾਂ ਦਾ ਵੱਡਾ ਹਿੱਸਾ ਆਯਾਤ ਕਰਦਾ ਹੈ, ਜਿਸ ਕਰਕੇ ਗੈਰ-ਸਬਸਿਡੀ ਅਤੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਅੰਤਰਰਾਸ਼ਟਰੀ ਦਰਾਂ ਨਾਲ ਜੁੜੀਆਂ ਹੁੰਦੀਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਅੰਤਰਰਾਸ਼ਟਰੀ ਔਸਤ ਕੀਮਤਾਂ ਅਤੇ ਵਿਦੇਸ਼ੀ ਮੁਦਰਾ ਦਰਾਂ ਦੇ ਆਧਾਰ ’ਤੇ ਸਮੀਖਿਆ ਕਰਦੀਆਂ ਹਨ। ਵਪਾਰਕ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਰੈਸਟੋਰੈਂਟਾਂ, ਹੋਟਲਾਂ, ਬੇਕਰੀਆਂ ਅਤੇ ਹੋਰ ਕਾਰੋਬਾਰਾਂ ’ਤੇ ਪਵੇਗਾ, ਜੋ ਰੋਜ਼ਾਨਾ ਕੰਮਕਾਜ ਲਈ LPG ’ਤੇ ਨਿਰਭਰ ਹਨ। ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਵਧੀ ਹੋਈ ਲਾਗਤ ਦਾ ਕੁਝ ਹਿੱਸਾ ਖਪਤਕਾਰਾਂ ’ਤੇ ਵੀ ਪੈ ਸਕਦਾ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਖਾਣ-ਪੀਣ ਦੀਆਂ ਕੀਮਤਾਂ ਵੱਧਣ ਦੀ ਸੰਭਾਵਨਾ ਹੈ। 5 ਕਿਲੋ ਵਾਲਾ FTL ਸਿਲੰਡਰ ਵੀ ਸਬਸਿਡੀ ਰਹਿਤ ਹੈ ਅਤੇ ਇਸ ਦੀ ਕੀਮਤ ਬਾਜ਼ਾਰ ਦੇ ਉਤਾਰ-ਚੜ੍ਹਾਅ ਨਾਲ ਸਿੱਧੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ, ਜਿਸ ਕਰਕੇ ਇਸ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਕੁੱਲ ਮਿਲਾ ਕੇ, ਇਸ ਮਹੀਨੇ ਲਗਭਗ 80 ਫੀਸਦੀ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ। ਹਾਲਾਂਕਿ ਕਰੀਬ 16 ਫੀਸਦੀ ਉਤਪਾਦ, ਜੋ ਮੁੱਖ ਤੌਰ ’ਤੇ ਉਦਯੋਗਿਕ ਅਤੇ ਵਪਾਰਕ ਵਰਤੋਂ ਨਾਲ ਸਬੰਧਿਤ ਹਨ, ਮਹਿੰਗੇ ਹੋਏ ਹਨ, ਜਦੋਂ ਕਿ ਬਾਕੀ 4 ਫੀਸਦੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਮੀ ਦਰਜ ਕੀਤੀ ਗਈ ਹੈ।
Posted By: Daily Suraj Bureau