Daily Suraj

ਪੰਜਾਬੀ

ਮੈਰਿਟ ਵਿਚ ਆਉਣ ਵਾਲੀਆਂ 10ਵੀਂ ਤੇ 12ਵੀਂ ਦੀਆਂ 6 ਵਿਦਿਆਰਥਣਾਂ ਦੇ ਸੁਪਨਿਆਂ ਨੂੰ ਮਿਲੀ ਨਵੀਂ ਪ੍ਰਵਾਜ

28 May, 2025 10:18 PM

ਫਾਜ਼ਿਲਕਾ : 10 ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਮੈਰਿਟ ਵਿਚ ਆਉਣ ਵਾਲੀਆਂ ਵੱਖ ਵੱਖ ਸਕੂਲਾਂ ਦੀਆਂ 6 ਵਿਦਿਆਰਥਣਾਂ ਲਈ ਅੱਜ ਦਾ ਦਿਨ ਯਾਦਗਾਰੀ ਹੋ ਨਿਬੜਿਆ ਜਦ ਉਨ੍ਹਾਂ ਦੇ ਸੁਪਨਿਆਂ ਨੂੰ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੀ ਸੁਚੱਜੀ ਅਗਵਾਈ ਨੇ ਨਵੀਂ ਪ੍ਰਵਾਜ ਦਿੱਤੀ।
ਪੰਜਾਬ ਸਰਕਾਰ ਵਲੋਂ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਪ੍ਰੋਗਰਾਮ ‘ਇਕ ਦਿਨ ਡੀ.ਸੀ. ਤੇ ਐਸ.ਐਸ.ਪੀ. ਸੰਗ’ ਪ੍ਰੋਗਰਾਮ ਤਹਿਤ ਜਿਲ੍ਹੇ ਦੀਆਂ 6 ਵਿਦਿਆਰਥਣਾਂ ਨੇ ਸਾਰਾ ਦਿਨ ਡਿਪਟੀ ਕਮਿਸ਼ਨਰ ਨਾਲ ਰਹਿਕੇ ਦਫਤਰੀ ਕੰਮਕਾਜ ਨੂੰ ਨੇੜੇ ਤੋਂ ਦੇਖਿਆ।

ਇਹ ਵਿਦਿਆਰਥਣਾਂ ਚੜਦੇ ਦਿਨ ਨਾਲ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ ਤੇ ਪਹੁੰਚੀਆਂ ਅਤੇ ਇੱਥੇ ਉਨ੍ਹਾਂ ਦੇ ਕੈਂਪ ਆਫਿਸ ਦੀ ਜਾਣਕਾਰੀ ਲੈਣ ਦੇ ਨਾਲ ਨਾਲ ਇਨ੍ਹਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਕੀਤੀ। ਇਸਤੋਂ ਬਾਅਦ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਉਨ੍ਹਾਂ ਨੂੰ ਆਪਣੇ ਦਫ਼ਤਰ ਲੈ ਕੇ ਆਏ ਅਤੇ ਇੱਥੇ ਉਨ੍ਹਾਂ ਨੇ ਸਾਰੀਆਂ ਵਿਦਿਆਰਥਣਾਂ ਨੂੰ ਆਪਣੇ ਦਫ਼ਤਰ ਸਮੇਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਬਣੇ ਵੱਖ ਵੱਖ ਦਫ਼ਤਰ ਆਪ ਵਿਖਾਏ ਅਤੇ ਇੱਥੋਂ ਦੀ ਕਾਰਜ ਵਿਧੀ ਅਤੇ ਸਰਕਾਰੀ ਦਫ਼ਤਰਾਂ ਵਿਚ ਕਿਵੇਂ ਕੰਮ ਹੁੰਦਾ ਹੈ ਸਬੰਧੀ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਇੰਨ੍ਹਾਂ ਵਿਦਿਆਰਥਣਾਂ ਨੂੰ ਜ਼ਿਲ੍ਹੇ ਦੇ ਟੂਰ ਤੇ ਲੈ ਕੇ ਗਏ ਅਤੇ ਇਸ ਦੌਰਾਨ ਉਨ੍ਹਾਂ ਨੇ ਪਿੰਡ ਭਾਗਸਰ ਅਤੇ ਕੁਲਾਰ ਵਿਚ ਨਸ਼ਾ ਮੁਕਤੀ ਯਾਤਰਾ ਸਬੰਧੀ ਸਮਾਗਮਾਂ ਵਿਚ ਡਿਪਟੀ ਕਮਿਸ਼ਨਰ ਦੇ ਨਾਲ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੀ ਹਾਜਰ ਸਨ ਅਤੇ ਵਿਦਿਆਰਥਣਾਂ ਉਨ੍ਹਾਂ ਨੂੰ ਵੀ ਮਿਲੀਆਂ। ਇੰਨ੍ਹਾਂ ਵਿਚੋਂ ਇਕ ਵਿਦਿਆਰਥਣ ਪ੍ਰਿਆ ਇਸੇ ਪਿੰਡ ਕੁਲਾਰ ਦੀ ਸੀ ਤਾਂ ਉਸ ਨੂੰ ਹੋਰ ਵੀ ਮਾਣ ਮਿਲਿਆ ਜਦ ਉਹ ਆਪਣੇ ਪਿੰਡ ਦੇ ਸਮਾਗਮ ਵਿਚ ਡਿਪਟੀ ਕਮਿਸ਼ਨਰ ਨਾਲ ਵਿਸੇਸ਼ ਮਹਿਮਾਨ ਬਣ ਪਹੁੰਚੀ।  ਇਸ ਦੌਰਾਨ ਇੰਨ੍ਹਾਂ ਬੱਚੀਆਂ ਨੇ ਡਿਪਟੀ ਕਮਿਸ਼ਨਰ ਵਿਧਾਇਕ ਅਤੇ ਹੋਰ ਅਧਿਕਾਰੀਆਂ ਨਾਲ ਇੱਥੇ ਦੁਪਹਿਰ ਦਾ ਭੋਜਨ ਵੀ ਕੀਤਾ

ਇੱਥੋਂ ਮੁੜਨ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਚ ਪੇਂਡੂ ਵਿਕਾਸ ਵਿਭਾਗ ਦੀ ਕਾਰਜਪ੍ਰਣਾਲੀ ਪ੍ਰਤੀ ਜਾਗਰੂਕ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਜੀਵਨ ਵਿਚ ਅੱਗੇ ਵੱਧਣ ਦੇ ਗੁਰ ਦੱਸੇ।

ਇਸ ਉਪਰੰਤ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਇੰਨ੍ਹਾਂ ਵਿਦਿਆਰਥਣਾਂ ਨੂੰ ਕਿਤਾਬਾਂ ਅਤੇ ਟੈਬ ਦੇਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਇਸ ਪ੍ਰੋਗਰਾਮ ਦਾ ਮਕਸਦ ਲਾਇਕ ਬੱਚਿਆਂ ਨੂੰ ਉਨ੍ਹਾਂ ਦੇ ਸੁਪਨੇ ਦੀ ਪੂਰਤੀ ਲਈ ਅਗਵਾਈ ਦੇਣਾ ਹੈ’। ਵਿਦਿਆਰਥਣਾਂ ਨੇ ਡਿਪਟੀ ਕਮਿਸ਼ਨਰ ਕੋਲੋਂ ਇਸ ਮੁਕਾਮ ਤੱਕ ਪੁੱਜਣ ਦੇ ਸਬੰਧੀ ਸਵਾਲ ਕੀਤੇ ਤੇ ਉਨ੍ਹਾਂ  ਵਲੋਂ ਵਿਸਥਾਰ ਵਿਚ ਆਪਣਾ ਤਜ਼ਰਬਾ ਸਾਂਝਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਗੁਰ ਮੰਤਰ ਦਿੰਦਿਆਂ ਕਿਹਾ ਕਿ ਜੇਕਰ ਨਿਸ਼ਾਨਾ ਮਿੱਥ ਕੇ ਮਿਹਨਤ ਕੀਤੀ ਜਾਵੇ ਤਾਂ ਕੋਈ ਵੀ ਮੰਜਿਲ ਅਪਹੁੰਚ ਨਹੀਂ ਹੁੰਦੀ।  
ਰਾਜਸਥਾਨ ਦੇ ਬਾਰਡਰ ਦੇ ਵਸੇ ਪਿੰਡ ਸ਼ੇਰਗੜ੍ਹ ਦੀ ਸ਼ੰਤੋਸ਼ ਰਾਣੀ ਜਿਸ ਨੇ ਇਸੇ ਪਿੰਡ ਦੇ ਹਾਈ ਸਕੂਲ ਤੋਂ 10ਵੀਂ 98.62 ਫੀਸਦੀ ਅੰਕਾਂ ਨਾਲ ਕਰਕੇ ਪੰਜਾਬ ਵਿਚੋਂ 10ਵਾਂ ਸਥਾਨ ਹਾਸਲ ਕੀਤਾ ਹੈ ਨੇ ਕਿਹਾ ਕਿ ਪਹਿਲਾਂ ਉਹ ਸਾਫਟਵੇਅਰ ਇੰਜਨੀਅਰ ਬਣਨਾ ਚਾਹੁੰਦੀ ਸੀ ਪਰ ਅੱਜ ਡਿਪਟੀ ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੇ ਮਨ ਬਣਾਇਆ ਹੈ ਕਿ ਉਹ ਵੀ ਯੁਪੀਐਸਸੀ ਦਾ ਟੈਸਟ ਪਾਸ ਕਰਕੇ ਸਿਵਲ ਸਰਵਿਸਜ ਵਿਚ ਆਵੇਗੀ।

ਇਸੇ ਤਰ੍ਹਾਂ ਪਿੰਡ ਕੁਲਾਰ ਦੀ ਹਰਮਨਦੀਪ ਜਿਸ ਨੇ ਸਿੰਘ ਸਭਾ ਕੰਨਿਆਂ ਪਾਠਸਾਲਾ ਤੋਂ 12ਵੀਂ ਜਮਾਤ ਵਿਚ ਰਾਜ ਵਿਚੋਂ 10ਵਾਂ ਰੈਂਕ ਹਾਸਲ ਕੀਤਾ ਹੈ ਨੇ ਕਿਹਾ ਕਿ ‘ ਉਸਨੂੰ ਅੱਜ ਸਾਰਾ ਦਿਨ ਜਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਰਹਿਕੇ ਇਹ ਮਹਿਸੂਸ ਹੋਇਆ ਹੈ ਕਿ ਕਿਸੇ ਵੀ ਮੁਕਾਮ ’ਤੇ ਪਹੁੰਚਣ ਲਈ ਬਹੁਤ ਮਿਹਨਤ ਦੀ ਲੋੜ ਹੈ।  ਉਸਨੇ ਕਿਹਾ ਕਿ ਉਸਦੇ ਸੁਪਨੇ ਨੂੰ ਉਡਾਨ ਮਿਲੀ ਹੈ ਤੇ ਉਹ ਹਰ ਚੁਣੌਤੀ ਨੂੰ ਪਾਰ ਕਰਕੇ ਸੀਏ ਬਣੇਗੀ।

#MeritGirls #StudentSuccess #InspiringStudents #BoardToppers #WomenEducation #PunjabNews #GirlPower #MeritList #FutureLeaders #EducationMatters


Posted By: Daily Suraj Bureau

Latest News