ਸੜਕਾਂ ਉੱਪਰ ਟੋਲ ਪਲਾਜਾ ਰਾਹੀਂ ਬੇਲੋੜੀ ਵਸੂਲੀ ਬੰਦ ਕੀਤੀ ਜਾਵੇ-ਰਮਨ ਸ਼ਰਮਾ
ਕਿਹਾ-ਵਾਹਨ ਖਰੀਦ ਸਮੇਂ ਹੀ ਅਦਾ ਹੋ ਜਾਂਦਾ ਹੈ ਰੋਡ ਟੈਕਸ ਫਗਵਾੜਾ (ਅਸ਼ੋਕ ਸ਼ਰਮਾ) ਸ਼ਿਵ ਸੈਨਾ (ਯੂ.ਬੀ.ਟੀ.) ਦੇ ਫਗਵਾੜਾ ਸਿਟੀ ਪ੍ਰਧਾਨ ਰਮਨ ਸ਼ਰਮਾ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਘਰੋਂ ਨਿਕਲਣ ’ਤੇ ਕਿਸੇ ਪਾਸੇ ਵੀ ਜਾਣਾ ਹੋਵੇ, ਕੁੱਝ ਕੁ ਫ਼ਾਸਲੇ ’ਤੇ ਟੋਲ ਪਲਾਜ਼ਾ ਮਿਲ ਜਾਂਦਾ ਹੈ। ਇਕ-ਦੋ ਟੋਲ ਪਲਾਜ਼ਾ ਆਮ ਕਿਸੇ ਵੀ ਤਰਫ਼ ਸਫ਼ਰ ਦੌਰਾਨ ਮਿਲਣਾ ਆਮ ਹੋਰ ਗਿਆ ਹੈ। ਆਮ ਲੋਕਾਂ ਦੁਆਰਾ ਰਾਜ-ਮਾਰਗਾਂ/ ਰਾਸ਼ਟਰੀ-ਮਾਰਗਾਂ ਦੀ ਵਰਤੋਂ ਦੀ ਏਵਜ਼ ਵਿੱਚ ਇਨ੍ਹਾਂ ਟੋਲ ਪਲਾਜ਼ਿਆਂ ’ਤੇ ਪ੍ਰਾਈਵੇਟ ਠੇਕੇਦਾਰਾਂ ਰਾਹੀਂ ਸਰਕਾਰ ਰੋਜ਼ਾਨਾ, ਹਰ ਪਲ ਬੇ-ਪਨਾਹ ਉਗਰਾਹੀ ਕਰਦੀ ਏ ਤਾਂ ਜੋ ਇਨ੍ਹਾਂ ਮਾਰਗਾਂ ਦੀ ਦੇਖ-ਰੇਖ ਦੇ ਨਾਲ ਬਣਦੀ ਮੁਰੰਮਤ ਕਰਦੇ ਹੋਏ, ਹਰ ਸਮੇੰ ਮਾਰਗਾਂ ਨੂੰ ਹਰ ਕਿਸੇ ਦੀ ਆਵਾਜਾਈ ਲਈ ਹਮੇਸ਼ਾਂ ਸਹੀ ਅਤੇ ਸੁਰੱਖਿਅਤ ਰੱਖਿਆ ਜਾ ਸਕੇ। ਵਾਹਨ ਖ਼ਰੀਦਣ ਸਮੇੰ ਅਤੇ ਸਲਾਨਾ ਟੈਕਸਾਂ ਰਾਹੀਂ ਮੋਟੀ ਰਕਮ ਸਰਕਾਰੀ ਖ਼ਾਤੇ ਵਿੱਚ ਦੇਣ ਦੇ ਨਾਲ-ਨਾਲ, ਇਨ੍ਹਾਂ ਟੋਲ ਪਲਾਜ਼ਿਆਂ ਰਾਹੀਂ ਨਿੱਤ ਲੁੱਟ ਦਾ ਸ਼ਿਕਾਰ ਬਣ ਰਿਹਾ ਆਮ ਨਾਗਰਿਕ ਆਪਣੀ ਆਵਾਜਾਈ ਲਈ ਸੁਰੱਖਿਅਤ ਸੜਕਾਂ/ਮਾਰਗਾਂ ਤੋਂ ਵਾਂਝਾ ਹੈ। ਟੈਕਸ ਤੇ ਟੋਲ ਦੇ ਰੂਪ ਵਿੱਚ ਮੋਟੀ ਰਕਮ ਅਦਾਇਗੀ ਕਰਨ ਦੇ ਬਾਵਜੂਦ ਆਮ ਨਾਗਰਿਕ ਸੁਰੱਖਿਅਤ ਸਫ਼ਰ ਦੇ ਲਈ ਮਾਰਗਾਂ ਦੀ ਜੋ ਸਹੂਲਤ ਸਰਕਾਰ ਤੋਂ ਲੈਣ ਦਾ ਹੱਕਦਾਰ ਏ, ਨੂੰ ਸਰਕਾਰੀ ਬੇਰੁਖ਼ੀ ਦੇ ਚੱਲਦਿਆਂ ਉਹ ਲੈਣ ਵਿੱਚ ਅਸਮਰੱਥ ਹੈ। ਨਾਗਰਿਕਾਂ ਨੂੰ ਜਿੱਥੇ ਸਮੇੰ-ਸਿਰ ਕਿਤੇ ਪਹੁੰਚਣ ਵਿੱਚ ਤਕਲੀਫ਼ ਹੁੰਦੀ ਏ, ਉੱਥੇ ਹੀ ਕਈ ਵਾਰ ਦੁਰਘਟਨਾਵਾਂ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਵਾਹਨ ਖ਼ਰੀਦ ਸਮੇੰ ਅਤੇ ਸਲਾਨਾ ਰੋਡ ਟੈਕਸ ਅਦਾ ਕਰਨ ਤੋਂ ਬਾਅਦ ਬੇਲੋੜੇ ਟੋਲ ਟੈਕਸ ਦੀ ਸਰਕਾਰੀ ਲੁੱਟ ਜਿੱਥੇ ਬੰਦ ਹੋਣੀ ਚਾਹੀਦੀ ਹੈ, ਉੱਥੇ ਹੀ ਜੇ ਮੁਨਾਸਿਬ ਟੋਲ ਟੈਕਸ ਸੜਕਾਂ ਦੀ ਦੇਖ-ਰੇਖ ਦੀ ਏਵਜ਼ ਵਿੱਚ ਇੱਕਠਾ ਵੀ ਕੀਤਾ ਜਾਵੇ ਤਾਂ ਨਾਗਰਿਕਾਂ ਤੋਂ ਇਕੱਤਰ ਕੀਤੀ ਉਸ ਰਕਮ ਦੀ ਸਹੀ ਵਰਤੋਂ ਕਰਦੇ ਹੋਏ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਮੁਨਾਸਿਬ ਸੜਕੀ ਸਹੂਲਤ ਪ੍ਰਦਾਨ ਕਰਨਾ ਸਬੰਧਿਤ ਪ੍ਰਸ਼ਾਸਨ ਦਾ ਫ਼ਰਜ਼ ਬਣਦਾ ਹੈ।
Posted By: Daily Suraj Bureau