Daily Suraj

ਪੰਜਾਬੀ

ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਵੰਡੇ 5-5 ਲੱਖ ਦੇ ਚੈੱਕ

28 Jan, 2026 04:06 PM

ਅਮਲੋਹ ( ਮੁਖ਼ਤਿਆਰ ਸਿੰਘ)ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਿੱਢੀ ਗਈ ਮੁਹਿੰਮ ਤਹਿਤ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਬੀਡੀਪੀਓ ਦਫਤਰ ਵਿਖੇ ਸਮਾਗਮ ਦੌਰਾਨ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਗਰਾਂਟਾਂ ਦੇ ਚੈੱਕ ਵੰਡੇ। ਇਸ ਮੌਕੇ ਸੰਬੋਧਨ ਕਰਦਿਆ ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਮੁਤਾਬਕ ਸਰਬ ਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਿੰਨ ਪੰਚਾਇਤਾਂ ਨੂੰ ਪਿਛਲੇ ਸਾਲ 5-5 ਲੱਖ ਦੇ ਚੈੱਕ ਦਿੱਤੇ ਗਏ ਸਨ ਜਦ ਕਿ ਹੁਣ 19 ਹੋਰ ਪੰਚਾਇਤਾਂ ਨੂੰ ਇਸ ਰਾਸ਼ੀ ਦੇ ਚੈੱਕ ਦਿਤੇ ਗਏ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਚਾਇਤਾਂ ਇਹ ਰਾਸ਼ੀ ਆਪਣੀ ਲੋੜ ਅਨੁਸਾਰ ਪਿੰਡ ਦੇ ਕਿਸੇ ਵੀ ਵਿਕਾਸ ਕਾਰਜ (ਗਲੀਆਂ-ਨਾਲੀਆਂ, ਸਟਰੀਟ ਲਾਈਟਾਂ ਜਾਂ ਸਾਂਝੀਆਂ ਥਾਵਾਂ) ਲਈ ਵਰਤ ਸਕਣਗੀਆਂ। ਉਨ੍ਹਾਂ ਕਿਹਾ ਸਰਬ ਸੰਮਤੀ ਨਾਲ ਚੋਣਾਂ ਲੜ ਕੇ ਪਿੰਡਾਂ ਨੇ ਧੜੇਬੰਦੀ ਤੋਂ ਉੱਪਰ ਉੱਠ ਕੇ ਇੱਕ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਪਿੰਡਾਂ ਦੀ ਨੁਹਾਰ ਬਦਲਣਾ ਹੈ ਅਤੇ ਜਿਹੜੇ ਪਿੰਡਾਂ ਨੇ ਸਿਆਸੀ ਖਿੱਚੋਤਾਣ ਛੱਡ ਕੇ ਸਰਬ ਸੰਮਤੀ ਨਾਲ ਆਪਣੀ ਪੰਚਾਇਤ ਚੁਣੀ ਹੈ ਉਹ ਵਧਾਈ ਦੇ ਪਾਤਰ ਹਨ। ਇਸ ਮੌਕੇ ਬੀਡੀਪੀਓ ਚੰਦ ਸਿੰਘ, ਸੀਨੀਅਰ ਆਗੂ ਪ੍ਰਤਾਪ ਸਿੰਘ ਬੈਣੀ, ਜ਼ਿਲਾ ਪਰਿਸ਼ਦ ਮੈਂਬਰ ਸ਼ਿੰਗਾਰਾ ਸਿੰਘ ਸਲਾਣਾ, ਰਣਜੀਤ ਸਿੰਘ ਪਨਾਗ, ਜਗਜੀਵਨ ਸਿੰਘ ਔਲਖ, ਬਲਾਕ ਪ੍ਰਧਾਨ ਜਸਵੰਤ ਸਿੰਘ ਅਤੇ ਪੀਏ ਸ਼ਾਹਬਾਜ਼ ਆਦਿ ਹਾਜ਼ਰ ਸਨ।

Latest News