ਅਕਾਲ ਕਾਲਜ ਆਫ਼ ਐਜੂਕੇਸ਼ਨ ਫਤਿਹਗੜ੍ਹ ਛੰਨਾ ਵਿਖੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦੀ ਸ਼ੁਰੂਆਤ
(ਜਗਸੀਰ ਸਿੰਘ) -ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਅਕਾਲ ਕਾਲਜ ਆਫ਼ ਐਜ਼ੂਕੇਸ਼ਨ ਫ਼ਾਰ ਵਿਮੈਨ, ਫਤਿਹਗੜ੍ਹ ਛੰਨਾਂ, ਸੰਗਰੂਰ ਵਿਖੇ ਬਹੁਤ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਸ਼ੁਰੂ ਹੋਇਆ। ਇਹ ਕੈਂਪ ਜਿਥੇ ਪ੍ਰੇਰਣਾਦਾਇਕ ਵਿਸ਼ਿਆਂ ਯੂਥ ਫਾਰ ਮਾਈ ਭਾਰਤ ਤੇ ਯੂਥ ਫਾਰ ਡਿਜੀਟਲ ਲਿਟਰੇਸੀ ਦੇ ਅਧੀਨ ਆਯੋਜਿਤ ਕੀਤਾ ਗਿਆ ਉਥੇ ਹੀ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ਅਤੇ ਜੜ੍ਹ ਪੱਧਰ ਤੇ ਡਿਜੀਟਲ ਸ਼ਸ਼ਕਤੀਕਰਨ ਵੱਲ ਜਾਗਰੂਕ ਕਰਨਾ ਹੈ ।ਸੱਤ ਰੋਜ਼ਾ ਉਕਤ ਕੈਂਪ ਦਾ ਉਦਘਾਟਨ ਪ੍ਰਿੰਸੀਪਲ ਦੀਕਸ਼ਾ ਵੱਲੋਂ ਕੀਤਾ ਗਿਆ ਤੇ ਉਨ੍ਹਾਂ ਇਸ ਮੌਕੇ ਵਲੰਟੀਅਰਜ਼ ਨੂੰ ਰਾਸ਼ਟਰੀ ਸੇਵਾ ਯੋਜਨਾ ਦੇ ਮੂਲ ਮੰਤਵ ਨਾਟ ਮੀ ਬੱਟ ਯੂ ਦੀ ਸੱਚੀ ਭਾਵਨਾ ਅਤੇ ਆਤਮਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਸ਼ਕਾਮ ਭਾਵ ਨਾਲ ਸਮਾਜ ਦੀ ਸੇਵਾ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਇਕ ਪ੍ਰਗਤੀਸ਼ੀਲ ਅਤੇ ਡਿਜੀਟਲ ਤੌਰ ਤੇ ਸ਼ਸ਼ਕਤ ਭਾਰਤ ਦੀ ਨਿਰਮਾਣ ਯਾਤਰਾ ਵਿੱਚ ਅਹਿਮ ਭੂਮਿਕਾ ਨਿਭਾਉਣ। ਇਸ ਮੌਕੇ ਪ੍ਰੋਗਰਾਮ ਅਫਸਰ ਪ੍ਰੋ. ਜਸਮੀਨ ਕੌਰ ਨੇ ਸੱਤ ਦਿਨਾਂ ਦੇ ਕੈਂਪ ਦੇ ਉਦੇਸ਼ਾਂ ਅਤੇ ਵਿਸਥਾਰ ਪੂਰਵਕ ਕਾਰਜਕ੍ਰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਸਫਾਈ ਮੁਹਿੰਮ, ਜਾਗਰੂਕਤਾ ਅਭਿਆਨ, ਡਿਜੀਟਲ ਸਾਖਰਤਾ ਸੈਸ਼ਨ, ਸਮੁਦਾਇਕ ਸੇਵਾ ਕਾਰਜ ਅਤੇ ਹੋਰ ਵੀ ਗਤੀਵਿਧੀਆਂ ਆਯੋਜਿਤ ਕੀਤੀਆ ਜਾਣਗੀਆਂ ਜੋ ਚੁਣੇ ਹੋਏ ਵਿਸ਼ਿਆਂ ਨਾਲ ਸਬੰਧਿਤ ਹੋਣਗੀਆਂ । ਇਸ ਉਪਰੰਤ ਪਿੰਡ ਫਤਿਹਗੜ੍ਹ ਛੰਨਾਂ ਵਿਖੇ ਪਹੁੰਚ ਕੇ ਵਲੰਟੀਅਰਜ਼ ਦੁਆਰਾ ਗੁਰੂਦੁਆਰਾ ਸਾਹਿਬ ਮੱਥਾ ਟੇਕਣ ਉਪਰੰਤ ਗੁਰੂ ਘਰ ਦੀ ਸਾਫ ਸਫਾਈ ਕੀਤੀ ਗਈ। ਪਿੰਡ ਦੇ ਸਰਪੰਚ ਸ. ਜਸਮੇਲ ਸਿੰਘ ਜੱਸੀ ਦੇ ਸਹਿਯੋਗ ਨਾਲ ਪਿੰਡ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਗਈ। ਕੈਂਪ ਦੇ ਪਹਿਲੇ ਦਿਨ ਵਲੰਟੀਅਰਜ਼ ਦਾ ਖੇਡ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਉਨ੍ਹਾਂ ਨੇ ਵੱਖ-ਵੱਖ ਸਥਾਨ ਹਾਸਿਲ ਕੀਤੇ। ਅੰਤ ਵਿੱਚ ਪ੍ਰੋਗਰਾਮ ਅਫਸਰ ਪ੍ਰੋ. ਜਸਮੀਨ ਕੌਰ ਨੇ ਸਾਰਿਆ ਦਾ ਉਤਸ਼ਾਹ ਪੂਰਵਕ ਸਹਿਯੋਗ ਲਈ ਧੰਨਵਾਦ ਕੀਤਾ। ਕੈਂਪ ਦੇ ਪਹਿਲੇ ਦਿਨ ਦਾ ਸਮਾਪਨ ਵਲੰਟੀਅਰਜ਼ ਵਿੱਚ ਐਨ.ਐਸ.ਐਸ. ਦੇ ਮੁੱਲਾਂ ਨੂੰ ਅਪਣਾਉਦੇ ਹੋਏ ਰਾਸ਼ਟਰ ਨਿਰਮਾਣ ਅਤੇ ਡਿਜੀਟਲ ਸ਼ਮੂਲੀਅਤ ਵੱਲ ਸਕ੍ਰਿਆ ਭੂਮਿਕਾ ਨਿਭਉਣ ਦੀ ਨਵੀ ਪ੍ਰਤਿਬੱਧਤਾ ਨਾਲ ਹੋਇਆ।
Posted By: Daily Suraj Bureau