Daily Suraj

ਪੰਜਾਬੀ

ਓਸ਼ਵਾ ਹਿੰਸਕ ਝਗੜਾ: ਗੰਭੀਰ ਸੱਟਾਂ ਕਾਰਨ 23 ਸਾਲਾ ਨੌਜਵਾਨ ਦੀ ਮੌਤ

11 May, 2026 02:23 PM

ਓਸ਼ਵਾ ਵਿੱਚ Tim Hortons ਦੇ ਬਾਹਰ ਹੋਏ ਝਗੜੇ ਦੌਰਾਨ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਨੌਜਵਾਨ ਨੂੰ ਘਟਨਾ ਦੌਰਾਨ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਦਰਹਾਮ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਕਰੀਬ 8 ਵਜੇ ਸਿਮਕੋ ਸਟਰੀਟ ਨੌਰਥ ਅਤੇ ਵਿਂਚੈਸਟਰ ਰੋਡ ਈਸਟ ਇਲਾਕੇ ਵਿੱਚ ਵਾਪਰੀ। ਪੁਲਿਸ ਨੂੰ “ਹਥਿਆਰਬੰਦ ਵਿਅਕਤੀ” ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ। ਸ਼ੁਰੂਆਤੀ ਜਾਂਚ ਮੁਤਾਬਕ, ਟਿਮ ਹੌਰਟਨਜ਼ ਦੇ ਬਾਹਰ ਦੋ ਗਰੁੱਪਾਂ ਵਿਚਾਲੇ ਝਗੜਾ ਹੋਇਆ। ਇਸ ਦੌਰਾਨ ਪੀੜਤ ਨੂੰ ਗੰਭੀਰ ਸੱਟਾਂ ਲੱਗੀਆਂ। ਹਮਲੇ ਤੋਂ ਬਾਅਦ ਮਸ਼ਕੂਕ ਅਤੇ ਹੋਰ ਕਈ ਨੌਜਵਾਨ ਪੈਦਲ ਹੀ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ। ਹੈਲੀਕਾਪਟਰ ਅਤੇ ਕੇ-9 ਯੂਨਿਟ ਦੀ ਮਦਦ ਨਾਲ ਕਈ ਇਲਾਕਿਆਂ ਦੀ ਜਾਂਚ ਕੀਤੀ ਗਈ, ਪਰ ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਸ਼ੱਕੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮੋਬਾਈਲ ਫੋਨ, ਡੈਸ਼ਕੈਮ ਜਾਂ ਸੁਰੱਖਿਆ ਕੈਮਰਿਆਂ ਦੀ ਕੋਈ ਵੀਡੀਓ ਮੌਜੂਦ ਹੈ ਤਾਂ ਉਹ ਜਾਂਚ ਏਜੰਸੀਆਂ ਨਾਲ ਸਾਂਝੀ ਕੀਤੀ ਜਾਵੇ, ਤਾਂ ਜੋ ਮਾਮਲੇ ਦੀ ਜਾਂਚ ਵਿੱਚ ਮਦਦ ਮਿਲ ਸਕੇ।

Posted By: Daily Suraj Bureau

Latest News