Daily Suraj

ਪੰਜਾਬੀ

ਵਧੀਆਂ ਲਾਗਤਾਂ ਦੇ ਮੱਦੇਨਜ਼ਰ ਸਰਕਾਰ ਦਾ ਫੈਸਲਾ, 2.5 ਲੱਖ ਕਿਸਾਨਾਂ ਨੂੰ ਲਾਭ

03 Apr, 2026 03:17 PM

ਪੰਜਾਬ ਸਰਕਾਰ ਨੇ ਮਿਲਕਫੈੱਡ ਪੰਜਾਬ (ਵੇਰਕਾ) ਨਾਲ ਜੁੜੇ ਡੇਅਰੀ ਕਿਸਾਨਾਂ ਲਈ ਦੁੱਧ ਦੀਆਂ ਖਰੀਦ ਕੀਮਤਾਂ ਵਿੱਚ ਵੱਡਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਸੂਬੇ ਦੇ ਡੇਅਰੀ ਫਾਰਮਰਾਂ ਨੂੰ ਮਹੱਤਵਪੂਰਨ ਰਾਹਤ ਮਿਲਣ ਦੀ ਉਮੀਦ ਹੈ। ਸਰਕਾਰ ਵੱਲੋਂ ਦੁੱਧ ਦੀ ਖਰੀਦ ਦਰ ਵਿੱਚ ₹15 ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਗਿਆ ਹੈ, ਜੋ 1 ਅਪ੍ਰੈਲ 2026 ਤੋਂ ਲਾਗੂ ਹੋ ਚੁੱਕਾ ਹੈ। ਇਸ ਤਹਿਤ ਮਿਲਕਫੈੱਡ ਨੇ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਹਨ। ਮਿਲਕਫੈੱਡ ਦੇ ਅਨੁਸਾਰ, ਗਾਂ ਦੇ ਦੁੱਧ ਦੀ ਪਹਿਲਾਂ ਖਰੀਦ ਦਰ ਲਗਭਗ ₹770 ਤੋਂ ₹780 ਪ੍ਰਤੀ ਕਿਲੋ ਫੈਟ ਸੀ, ਜਿਸ ਨੂੰ ਵਧਾ ਕੇ ਹੁਣ ₹780 ਤੋਂ ₹795 ਪ੍ਰਤੀ ਕਿਲੋ ਫੈਟ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮੱਝ ਦੇ ਦੁੱਧ ਦੀ ਪਹਿਲਾਂ ਦਰ ਕਰੀਬ ₹810 ਤੋਂ ₹820 ਪ੍ਰਤੀ ਕਿਲੋ ਫੈਟ ਸੀ, ਜੋ ਹੁਣ ਵਧ ਕੇ ₹820 ਤੋਂ ₹835 ਪ੍ਰਤੀ ਕਿਲੋ ਫੈਟ ਹੋ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਵਧ ਰਹੀਆਂ ਉਤਪਾਦਨ ਲਾਗਤਾਂ, ਪਸ਼ੂਆਂ ਦੀ ਖੁਰਾਕ ਅਤੇ ਹੋਰ ਖਰਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦ ਲਈ ਵਧੀਆ ਮੁੱਲ ਮਿਲ ਸਕੇ। ਇਸ ਵਾਧੇ ਨਾਲ ਲਗਭਗ 2.5 ਲੱਖ ਡੇਅਰੀ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ, ਜਦਕਿ ਇਸ ਦਾ ਅਸਰ ਸੂਬੇ ਦੇ ਲੱਖਾਂ ਹੋਰ ਦੁੱਧ ਉਤਪਾਦਕਾਂ ‘ਤੇ ਵੀ ਪਵੇਗਾ। ਮਿਲਕਫੈੱਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਗਾਂ ਅਤੇ ਮੱਝ ਦੋਵਾਂ ਕਿਸਮਾਂ ਦੇ ਦੁੱਧ ਲਈ ਦਰਾਂ ਵਿੱਚ ਇਕਸਾਰ ਵਾਧਾ ਕੀਤਾ ਗਿਆ ਹੈ। ਹਾਲਾਂਕਿ, ਅੰਤਿਮ ਭੁਗਤਾਨ ਦੁੱਧ ਦੇ ਫੈਟ ਪ੍ਰਤੀਸ਼ਤ ਦੇ ਆਧਾਰ ‘ਤੇ ਹੀ ਨਿਰਧਾਰਤ ਕੀਤਾ ਜਾਂਦਾ ਹੈ, ਜਿਸ ਕਰਕੇ ਵੱਖ-ਵੱਖ ਕਿਸਾਨਾਂ ਨੂੰ ਮਿਲਣ ਵਾਲੀ ਰਕਮ ਵਿੱਚ ਕੁਝ ਅੰਤਰ ਹੋ ਸਕਦਾ ਹੈ।

Posted By: Daily Suraj Bureau

Latest News