Daily Suraj

ਪੰਜਾਬੀ

ਮਾਛੀਵਾੜਾ ਨੇੜੇ ਬਲਾਕ ਪ੍ਰਧਾਨ ਦੀ ਹੱਤਿਆ, ਦੋ ਅਣਪਛਾਤੇ ਹਮਲਾਵਰ ਫਰਾਰ

30 Mar, 2026 09:42 AM

ਮਾਛੀਵਾੜਾ ਕਸਬੇ ਦੇ ਪਿੰਡ ਤੱਖਰਾਂ ਨੇੜੇ ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਪਿੱਛੋਂ ਕੁਹਾੜੀ ਨਾਲ ਹਮਲਾ ਕੀਤਾ। ਹਮਲੇ ਦੌਰਾਨ ਪਰਮਿੰਦਰ ਤਿਵਾੜੀ ਦੇ ਸਿਰ ਅਤੇ ਕੰਨ ‘ਤੇ ਗੰਭੀਰ ਚੋਟਾਂ ਲੱਗੀਆਂ, ਜਿਸ ਕਾਰਨ ਉਹ ਮੌਕੇ ‘ਤੇ ਹੀ ਜ਼ਮੀਨ ‘ਤੇ ਡਿੱਗ ਪਏ। ਉਨ੍ਹਾਂ ਨੂੰ ਤੁਰੰਤ ਮਾਛੀਵਾੜਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਕੂਮਕਲਾਂ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦੇ ਮੁਤਾਬਕ ਇਸ ਹਮਲੇ ਵਿੱਚ ਦੋ ਅਣਪਛਾਤੇ ਵਿਅਕਤੀ ਸ਼ਾਮਲ ਸਨ, ਜੋ ਵਾਰਦਾਤ ਤੋਂ ਬਾਅਦ ਲੁਧਿਆਣਾ ਵੱਲ ਫਰਾਰ ਹੋ ਗਏ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਜਦੋਂ ਉਹ ਘਟਨਾ ਸਥਾਨ ‘ਤੇ ਪਹੁੰਚਿਆ ਤਾਂ ਉਸ ਦੇ ਪਿਤਾ ਜ਼ਮੀਨ ‘ਤੇ ਡਿੱਗੇ ਹੋਏ ਸਨ ਅਤੇ ਕਿਸੇ ਨੇ ਉਨ੍ਹਾਂ ਦੇ ਸਿਰ ‘ਤੇ ਵਾਰ ਕੀਤਾ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਨ੍ਹਾਂ ਨੂੰ ਇਲਾਜ ਲਈ ਲਿਜਾਇਆ, ਪਰ ਉਨ੍ਹਾਂ ਦੀ ਜ਼ਿੰਦਗੀ ਨਹੀਂ ਬਚ ਸਕੀ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਰਦਾਤ ਵਾਲੀ ਥਾਂ ਦੇ ਨੇੜਲੇ ਇਲਾਕਿਆਂ ਦੀਆਂ ਸੀਸੀਟੀਵੀ ਫੁਟੇਜ ਵੀ ਖੰਗਾਲੀਆਂ ਜਾ ਰਹੀਆਂ ਹਨ।

Posted By: Daily Suraj Bureau

Latest News