Daily Suraj

ਪੰਜਾਬੀ

ਸਾਂਝ ਪੋਰਟਲ ‘ਤੇ ਐੱਫ ਆਈ ਆਰ ਕਾਪੀਆਂ ਲਈ ਕੋਈ ਚਾਰਜ ਨਹੀਂ ਲੱਗੇਗਾ

26 Mar, 2026 03:33 PM

ਪੰਜਾਬ ਸਰਕਾਰ ਨੇ ਪੰਜਾਬ ਪੁਲੀਸ ਦੇ ਸਾਂਝ ਪੋਰਟਲ ਤੋਂ ਐੱਫ ਆਈ ਆਰ (FIR) ਡਾਊਨਲੋਡ ਕਰਨ ‘ਤੇ ਲੱਗਣ ਵਾਲੀ 80 ਰੁਪਏ ਪ੍ਰਤੀ ਕਾਪੀ ਫੀਸ ਨੂੰ ਵਾਪਸ ਲੈ ਲਿਆ ਹੈ। ਇਸ ਫੈਸਲੇ ਦੇ ਖਿਲਾਫ ਵੱਡੇ ਪੱਧਰ ‘ਤੇ ਵਿਰੋਧ ਦੇ ਮੱਦੇਨਜ਼ਰ ਇਹ ਹੁਕਮ ਰੱਦ ਕੀਤੇ ਗਏ ਹਨ। ਹੁਣ ਤੋਂ ਪੋਰਟਲ ‘ਤੇ ਕਿਸੇ ਵੀ ਆਨਲਾਈਨ ਵਰਤੋਂਕਾਰ ਤੋਂ ਕੋਈ ਵੀ ਸਰਵਿਸ ਚਾਰਜ ਨਹੀਂ ਲਿਆ ਜਾਵੇਗਾ। ਗਵਰਨੈਂਸ ਸੁਧਾਰ ਅਤੇ ਆਈਟੀ ਵਿਭਾਗ, ਪੰਜਾਬ ਵੱਲੋਂ ਜਾਰੀ ਨਵੇਂ ਨੋਟੀਫਿਕੇਸ਼ਨ ਅਨੁਸਾਰ ਸਾਂਝ ਪੋਰਟਲ ਤੋਂ ਐੱਫ ਆਈ ਆਰ ਡਾਊਨਲੋਡ ਕਰਨ ਜਾਂ ਸਾਂਝ ਕੇਂਦਰਾਂ ਤੋਂ ਇਸ ਦੀ ਕਾਪੀ ਪ੍ਰਾਪਤ ਕਰਨ ਲਈ ਕੋਈ ਵੀ ਫੀਸ ਨਹੀਂ ਲੱਗੇਗੀ। ਇਸ ਨਾਲ ਪਹਿਲਾਂ ਵਰਗੀ ਮੁਫ਼ਤ ਸਹੂਲਤ ਮੁੜ ਬਹਾਲ ਹੋ ਗਈ ਹੈ। ਇਸ ਫੈਸਲੇ ਖ਼ਿਲਾਫ ਸੂਬੇ ਭਰ ਵਿੱਚ ਸਿਆਸੀ ਆਗੂਆਂ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਨੇ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕਰਕੇ ਸਰਕਾਰ ਤੋਂ ਇਹ ਹੁਕਮ ਵਾਪਸ ਲੈਣ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਵੱਲੋਂ ਇਹ ਫੀਸ 24 ਮਾਰਚ ਤੋਂ ਵਸੂਲਣੀ ਸ਼ੁਰੂ ਕੀਤੀ ਗਈ ਸੀ, ਪਰ ਲਾਗੂ ਹੋਣ ਤੋਂ ਕੇਵਲ ਇੱਕ ਦਿਨ ਬਾਅਦ ਹੀ ਇਸਨੂੰ ਵਾਪਸ ਲੈ ਲਿਆ ਗਿਆ।

Posted By: Daily Suraj Bureau

Latest News