ਬੱਚਿਆਂ ਦੀ ਸੁਰੱਖਿਆ ਲਈ ਇੰਡੋਨੇਸ਼ੀਆ ਸਰਕਾਰ ਦਾ ਵੱਡਾ ਫੈਸਲਾ, ਸੋਸ਼ਲ ਮੀਡੀਆ ਉਮਰ ਸੀਮਾ ਤੈਅ
ਇੰਡੋਨੇਸ਼ੀਆ ਸਰਕਾਰ ਨੇ ਬੱਚਿਆਂ ਦੀ ਆਨਲਾਈਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦੇਸ਼ ਦੀ ਸੰਚਾਰ ਅਤੇ ਡਿਜੀਟਲ ਮਾਮਲਿਆਂ ਦੀ ਮੰਤਰੀ ਮਿਊਤੀਆ ਹਫੀਦ ਨੇ ਸ਼ੁੱਕਰਵਾਰ ਨੂੰ ਦਿੱਤੀ। ਮੰਤਰੀ ਹਫੀਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਇਸ ਸੰਬੰਧ ਵਿੱਚ ਇੱਕ ਸਰਕਾਰੀ ਨਿਯਮ ’ਤੇ ਦਸਤਖਤ ਕਰ ਦਿੱਤੇ ਹਨ। ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ 16 ਸਾਲ ਤੋਂ ਘੱਟ ਉਮਰ ਦੇ ਬੱਚੇ ਕਈ ਉੱਚ-ਜੋਖਮ ਵਾਲੇ ਡਿਜੀਟਲ ਪਲੇਟਫਾਰਮਾਂ ’ਤੇ ਆਪਣੇ ਖਾਤੇ ਨਹੀਂ ਬਣਾ ਸਕਣਗੇ ਅਤੇ ਨਾ ਹੀ ਚਲਾ ਸਕਣਗੇ। ਨਵੇਂ ਨਿਯਮ ਅਨੁਸਾਰ ਇਹ ਪਾਬੰਦੀ ਯੂਟਿਊਬ, ਟਿਕਟਾਕ, ਫੇਸਬੁੱਕ, ਇੰਸਟਾਗ੍ਰਾਮ, ਥ੍ਰੈਡਸ, ਐਕਸ, ਬੀਗੋ ਲਾਈਵ ਅਤੇ ਰੋਬਲੋਕਸ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਲਾਗੂ ਹੋਵੇਗੀ। ਸਰਕਾਰ ਦਾ ਮੰਨਣਾ ਹੈ ਕਿ ਇਹ ਕਦਮ ਨਾਬਾਲਿਗਾਂ ਨੂੰ ਡਿਜੀਟਲ ਦੁਨੀਆ ਵਿੱਚ ਮੌਜੂਦ ਸੰਭਾਵਿਤ ਖਤਰਿਆਂ ਤੋਂ ਬਚਾਉਣ ਲਈ ਲਿਆ ਗਿਆ ਹੈ। ਮੰਤਰੀ ਮਿਊਤੀਆ ਹਫੀਦ ਦੇ ਮੁਤਾਬਕ, ਇਹ ਨਵਾਂ ਕਦਮ ਬੱਚਿਆਂ ਲਈ ਸੁਰੱਖਿਅਤ ਡਿਜੀਟਲ ਮਾਹੌਲ ਬਣਾਉਣ ਵੱਲ ਇੱਕ ਮਹੱਤਵਪੂਰਨ ਪਹਲ ਹੈ।
Posted By: Daily Suraj Bureau