ਪ੍ਰਾਈਵੇਸੀ ਕਮਿਸ਼ਨਰ ਦੀ ਜਾਂਚ: ਵਾਪਿਸ ਆਏ ਲੈਪਟਾਪਾਂ ‘ਚ ਡਾਟਾ ਮਿਟਾਉਣ ‘ਚ ਸਟੇਪਲਜ਼ ਦੀ ਲਾਪਰਵਾਹੀ
ਕੈਨੇਡਾ ਦੇ ਫੈਡਰਲ ਆਫਿਸ ਆਫ਼ ਦ ਪ੍ਰਾਈਵੇਸੀ ਕਮਿਸ਼ਨਰ ਦੀ ਤਾਜ਼ਾ ਜਾਂਚ ਵਿੱਚ ਸਟੇਪਲਜ਼ ਕੈਨੇਡਾ ‘ਤੇ ਗਾਹਕਾਂ ਦੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਵਿੱਚ ਗੰਭੀਰ ਲਾਪਰਵਾਹੀ ਦੇ ਦੋਸ਼ ਸਾਹਮਣੇ ਆਏ ਹਨ। ਜਾਂਚ ਮੁਤਾਬਕ, ਗਾਹਕਾਂ ਵੱਲੋਂ ਵਾਪਿਸ ਕੀਤੇ ਗਏ ਲੈਪਟਾਪਾਂ ਵਿੱਚੋਂ ਨਿੱਜੀ ਡਾਟਾ ਪੂਰੀ ਤਰ੍ਹਾਂ ਮਿਟਾਇਆ ਨਹੀਂ ਗਿਆ ਅਤੇ ਬਾਅਦ ਵਿੱਚ ਇਹ ਲੈਪਟਾਪ ਮੁੜ ਵਿਕਰੀ ਲਈ ਰੱਖੇ ਗਏ, ਜਿਸ ਨਾਲ ਗਾਹਕਾਂ ਦੀ ਪ੍ਰਾਈਵੇਸੀ ਨੂੰ ਖ਼ਤਰਾ ਪੈਦਾ ਹੋਇਆ। ਪ੍ਰਾਈਵੇਸੀ ਕਮਿਸ਼ਨਰ ਦਫ਼ਤਰ ਵੱਲੋਂ ਓਂਟਾਰੀਓ ਦੇ ਚਾਰ ਸਟੇਪਲਜ਼ ਸਟੋਰਾਂ ਤੋਂ ਵਾਪਿਸ ਆਏ ਲੈਪਟਾਪਾਂ ਦੀ ਜਾਂਚ ਕੀਤੀ ਗਈ। ਨਤੀਜਿਆਂ ਅਨੁਸਾਰ, ਲਗਭਗ 23 ਫ਼ੀਸਦੀ ਲੈਪਟਾਪਾਂ ਵਿੱਚ ਹਾਲੇ ਵੀ ਗਾਹਕਾਂ ਦੀ ਨਿੱਜੀ ਜਾਣਕਾਰੀ ਮੌਜੂਦ ਸੀ। ਇਸ ਡਾਟੇ ਵਿੱਚ ਗਾਹਕਾਂ ਦੇ ਨਾਮ, ਈਮੇਲ ਪਤੇ, ਅਕਾਊਂਟ ਨਾਲ ਸੰਬੰਧਤ ਵੇਰਵੇ, ਈਮੇਲਾਂ ਦੇ ਅੰਸ਼ ਅਤੇ ਕੁਝ ਮਾਮਲਿਆਂ ਵਿੱਚ ਅਧੂਰੀਆਂ ਤਸਵੀਰਾਂ ਵੀ ਸ਼ਾਮਿਲ ਸਨ। ਜਾਂਚ ਦੇ ਨਤੀਜਿਆਂ ਤੋਂ ਬਾਅਦ ਪ੍ਰਾਈਵੇਸੀ ਕਮਿਸ਼ਨਰ ਨੇ ਸਟੇਪਲਜ਼ ਕੈਨੇਡਾ ਨੂੰ ਨੌਂ ਮਹੀਨੇ ਦਾ ਸਮਾਂ ਦਿੱਤਾ ਹੈ। ਇਸ ਮਿਆਦ ਦੌਰਾਨ ਕੰਪਨੀ ਨੂੰ ਡਿਵਾਈਸਾਂ ਤੋਂ ਡਾਟਾ ਮਿਟਾਉਣ ਲਈ ਸਪਸ਼ਟ ਅਤੇ ਸਖ਼ਤ ਮਿਆਰ ਤਿਆਰ ਕਰਨ, ਕਰਮਚਾਰੀਆਂ ਦੀ ਟ੍ਰੇਨਿੰਗ ਨੂੰ ਬਿਹਤਰ ਬਣਾਉਣ ਅਤੇ ਇੱਕ ਸੁਤੰਤਰ ਤੀਜੀ ਧਿਰ ਵੱਲੋਂ ਸਾਲਾਨਾ ਆਡਿਟ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਇਹ ਜਾਂਚ ਉਸ ਵੇਲੇ ਸ਼ੁਰੂ ਹੋਈ ਜਦੋਂ ਇੱਕ ਸਾਬਕਾ ਸੇਲਜ਼ ਐਸੋਸੀਏਟ ਨੇ ਦੋਸ਼ ਲਗਾਇਆ ਕਿ ਕਈ ਵਾਰ ਲੈਪਟਾਪ ਬਿਨਾਂ ਢੰਗ ਨਾਲ ਫਾਰਮੈਟ ਕੀਤੇ ਹੀ ਮੁੜ ਵਿਕਰੀ ਲਈ ਰੱਖ ਦਿੱਤੇ ਜਾਂਦੇ ਸਨ। ਪ੍ਰਾਈਵੇਸੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ 2011 ਵਿੱਚ ਹੋਈ ਇੱਕ ਪੁਰਾਣੀ ਜਾਂਚ ਦੌਰਾਨ ਵੀ ਇਸੇ ਕਿਸਮ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ ਸਨ, ਜੋ ਹੁਣ ਤੱਕ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕੀਆਂ।
Posted By: Daily Suraj Bureau