ਦੇਸ਼ ਭਰ ਵਿੱਚ ਮੋਬਾਈਲ ਅਲਰਟ ਸਾਇਰਨ ਟੈਸਟ, ਕੋਈ ਅਸਲ ਖ਼ਤਰਾ ਨਹੀਂ
ਦੇਸ਼ ਭਰ ਦੇ ਮੋਬਾਈਲ ਫੋਨਾਂ ‘ਤੇ ਅੱਜ ਆਇਆ ਐਮਰਜੈਂਸੀ ਅਲਰਟ ਕਿਸੇ ਅਸਲ ਖ਼ਤਰੇ ਨਾਲ ਨਹੀਂ ਜੁੜਿਆ ਸੀ, ਸਗੋਂ ਇਹ ਇੱਕ ਰਾਸ਼ਟਰੀ ਪੱਧਰ ਦੇ ਟੈਸਟ ਦਾ ਹਿੱਸਾ ਸੀ। ਕੇਂਦਰ ਸਰਕਾਰ ਵੱਲੋਂ ਇਸ ਅਭਿਆਸ ਰਾਹੀਂ ਇੱਕ ਨਵੀਂ ਸਵਦੇਸ਼ੀ ‘ਸੈੱਲ ਬਰੌਡਕਾਸਟ’ ਚੇਤਾਵਨੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਲੇਟਫਾਰਮ ਦਾ ਨਾਮ ‘ਸਚੇਤ’ (SACHET) ਹੈ, ਜਿਸਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਵੱਲੋਂ ਲਾਂਚ ਕੀਤਾ ਗਿਆ। ਇਸ ਪ੍ਰਣਾਲੀ ਦਾ ਉਦੇਸ਼ ਆਫ਼ਤ ਜਾਂ ਐਮਰਜੈਂਸੀ ਸਥਿਤੀਆਂ ਦੌਰਾਨ ਲੋਕਾਂ ਤੱਕ ਤੁਰੰਤ ਜਾਣਕਾਰੀ ਪਹੁੰਚਾਉਣਾ ਹੈ। ਟੈਸਟ ਦੌਰਾਨ ਲੋਕਾਂ ਨੂੰ “Extremely Severe Alert” ਦੇ ਨਾਮ ਨਾਲ ਨੋਟੀਫਿਕੇਸ਼ਨ ਪ੍ਰਾਪਤ ਹੋਇਆ, ਜਿਸ ਵਿੱਚ ਸਪੱਸ਼ਟ ਕੀਤਾ ਗਿਆ ਸੀ ਕਿ ਇਹ ਸਿਰਫ਼ ਇੱਕ ਅਭਿਆਸ ਹੈ। ਇਸ ਨਵੀਂ ਤਕਨੀਕ ਦੀ ਖਾਸੀਅਤ ਇਹ ਹੈ ਕਿ ਇਹ ਸੁਨੇਹਾ ਮੋਬਾਈਲ ਦੀ ਸਕਰੀਨ ‘ਤੇ ਤੁਰੰਤ ਦਿਖਾਈ ਦਿੰਦਾ ਹੈ, ਭਾਵੇਂ ਫੋਨ ਸਾਈਲੈਂਟ ਜਾਂ ‘ਡੂ ਨੋਟ ਡਿਸਟਰਬ’ ਮੋਡ ‘ਤੇ ਹੋਵੇ। ਨਾਲ ਹੀ ਇੱਕ ਖਾਸ ਅਲਾਰਮ ਟੋਨ ਵੀ ਵੱਜਦਾ ਹੈ, ਜੋ ਉਪਭੋਗਤਾਵਾਂ ਦਾ ਧਿਆਨ ਖਿੱਚਦਾ ਹੈ। ਅਧਿਕਾਰੀਆਂ ਮੁਤਾਬਕ, ਇਸ ਸਿਸਟਮ ਦੀ ਵਰਤੋਂ ਭੂਚਾਲ, ਸੁਨਾਮੀ, ਬਿਜਲੀ ਡਿੱਗਣ ਵਰਗੀਆਂ ਕੁਦਰਤੀ ਆਫ਼ਤਾਂ ਅਤੇ ਗੈਸ ਲੀਕ ਵਰਗੀਆਂ ਮਨੁੱਖੀ ਗਲਤੀਆਂ ਨਾਲ ਸੰਬੰਧਿਤ ਐਮਰਜੈਂਸੀਜ਼ ਬਾਰੇ ਤੁਰੰਤ ਚੇਤਾਵਨੀ ਦੇਣ ਲਈ ਕੀਤੀ ਜਾਵੇਗੀ। ਇਹ ਪ੍ਰਣਾਲੀ ਪੁਰਾਣੇ SMS ਸਿਸਟਮ ਨਾਲੋਂ ਕਾਫ਼ੀ ਤੇਜ਼ ਹੈ ਅਤੇ ਨੈੱਟਵਰਕ ਜਾਮ ਹੋਣ ਦੀ ਸਥਿਤੀ ਵਿੱਚ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦੀ ਹੈ। ਮਾਹਿਰਾਂ ਦੇ ਅਨੁਸਾਰ, ਇਸ ਤਕਨੀਕ ਨਾਲ ਦੇਸ਼ ਦੀ ਆਫ਼ਤ ਪ੍ਰਬੰਧਨ ਸਮਰੱਥਾ ਵਿੱਚ ਮਹੱਤਵਪੂਰਨ ਸੁਧਾਰ ਆਵੇਗਾ।
Posted By: Daily Suraj Bureau