Daily Suraj

ਪੰਜਾਬੀ

ਕਰਨਾਟਕ: ਟਰੱਕ ਅਤੇ ਬੱਸ ਦੀ ਭਿਆਨਕ ਟੱਕਰ, 5 ਮੌਤਾਂ

25 Dec, 2025 02:06 PM

ਪ੍ਰਧਾਨ ਮੰਤਰੀ ਵੱਲੋਂ ਸਹਾਇਤਾ ਰਾਸ਼ੀ ਦਾ ਐਲਾਨ
 

ਚਿੱਤਰਦੁਰਗਾ (ਕਰਨਾਟਕ), 

ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਇੱਕ ਤੇਜ਼ ਰਫ਼ਤਾਰ ਟਰੱਕ ਅਤੇ ਇੱਕ ਲਗਜ਼ਰੀ ਸਲੀਪਰ ਬੱਸ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਰਵੀਕਾਂਤ ਗੌੜਾ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੱਕ ਡਿਵਾਈਡਰ ਟੱਪ ਕੇ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ। ਇਸ ਕਾਰਨ ਬੱਸ ਨੂੰ ਭਿਆਨਕ ਅੱਗ ਲੱਗ ਗਈ ਅਤੇ 32 ਸਵਾਰੀਆਂ ਨਾਲ ਗੋਕਰਨਾ ਜਾ ਰਹੀ ਇਸ ਬੱਸ ਵਿੱਚ ਜ਼ਿਆਦਾਤਰ ਲੋਕ ਜ਼ਿੰਦਾ ਸੜ ਗਏ।
ਬੱਸ ਦੇ ਡਰਾਈਵਰ ਅਤੇ ਕਲੀਨਰ ਸੁਰੱਖਿਅਤ ਬਚ ਨਿਕਲੇ, ਪਰ ਟਰੱਕ ਦੇ ਡਰਾਈਵਰ ਅਤੇ ਕਲੀਨਰ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਜ਼ਖਮੀ ਯਾਤਰੀਆਂ ਨੂੰ ਤੁਮਕੁਰੂ ਜ਼ਿਲ੍ਹੇ ਦੇ ਸ਼ਿਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦਕਿ ਕਈ ਸਵਾਰੀਆਂ ਨੇ ਬੱਸ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਦੌਰਾਨ 45 ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਹੋਰ ਬੱਸ ਜੋ ਇਸ ਬੱਸ ਦੇ ਬਿਲਕੁਲ ਪਿੱਛੇ ਸੀ, ਵਾਲ-ਵਾਲ ਬਚ ਗਈ ਕਿਉਂਕਿ ਉਸਦੇ ਡਰਾਈਵਰ ਨੇ ਸਮੇਂ ਸਿਰ ਗੱਡੀ ਨੂੰ ਦੂਜੇ ਪਾਸੇ ਮੋੜ ਦਿੱਤਾ ਸੀ। ਪੁਲਿਸ ਮੁਤਾਬਕ ਦੋ ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਐਕਸ' (X) 'ਤੇ ਕਿਹਾ, “ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਵਿੱਚ ਇੱਕ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ਤੋਂ ਡੂੰਘਾ ਦੁੱਖ ਹੋਇਆ ਹੈ। ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਖੋਹ ਦਿੱਤਾ ਹੈ, ਉਨ੍ਹਾਂ ਨਾਲ ਮੇਰੀਆਂ ਸੰਵੇਦਨਾਵਾਂ ਹਨ। ਜ਼ਖਮੀ ਜਲਦੀ ਤੋਂ ਜਲਦੀ ਠੀਕ ਹੋਣ।”ਉਨ੍ਹਾਂ ਕਿਹਾ ਕਿ ਪੀਐਮਐਨਆਰਐਫ (PMNRF) ਵਿੱਚੋਂ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੇਣ ਦਾ ਐਲਾਨ ਕੀਤਾ। ਉੱਧਰ ਸੂਬੇ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000-50,000 ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

Latest News