ਸੰਸਦ ਸੈਸ਼ਨ ਤੋਂ ਪਹਿਲਾਂ ਕਾਰਨੀ ਕੈਬਿਨੇਟ ਦੀ ਅਹਿਮ ਬੈਠਕ, ਨੀਤੀਆਂ ’ਤੇ ਚਰਚਾ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਕਿਊਬੈਕ ਸਿਟੀ ਵਿੱਚ ਆਪਣੀ ਕੈਬਿਨੇਟ ਦੀ ਦੋ ਦਿਨਾਂ ਅਹਿਮ ਬੈਠਕ ਕਰ ਰਹੇ ਹਨ। ਇਸ ਬੈਠਕ ਦੌਰਾਨ ਦੇਸ਼ ਦੀ ਅਰਥਵਿਵਸਥਾ, ਵਧ ਰਹੀ ਮਹਿੰਗਾਈ, ਕੌਮੀ ਸੁਰੱਖਿਆ ਅਤੇ ਮੁੱਖ ਨੀਤੀਗਤ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਇਹ ਕੈਬਿਨੇਟ ਰਿਟਰੀਟ ਪ੍ਰਧਾਨ ਮੰਤਰੀ ਦੀ ਨੌਂ ਦਿਨਾਂ ਵਿਦੇਸ਼ ਯਾਤਰਾ ਤੋਂ ਤੁਰੰਤ ਬਾਅਦ ਹੋ ਰਹੀ ਹੈ, ਜਿਸ ਦੌਰਾਨ ਉਨ੍ਹਾਂ ਵੱਖ-ਵੱਖ ਦੇਸ਼ਾਂ ਨਾਲ ਨਿਵੇਸ਼ ਅਤੇ ਵਪਾਰਕ ਸਹਿਯੋਗ ਵਧਾਉਣ ਲਈ ਗੱਲਬਾਤ ਕੀਤੀ ਸੀ। ਇਸ ਤੋਂ ਇਲਾਵਾ, ਇਹ ਬੈਠਕ ਸੰਸਦ ਦੇ ਮੁੜ ਸ਼ੁਰੂ ਹੋਣ ਤੋਂ ਥੋੜ੍ਹਾ ਸਮਾਂ ਪਹਿਲਾਂ ਹੋਣ ਕਾਰਨ ਵੀ ਖਾਸ ਅਹਿਮੀਅਤ ਰੱਖਦੀ ਹੈ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਬੈਠਕ ਵਿੱਚ ਸਰਕਾਰ ਦੇ ਅੰਦਰੂਨੀ ਮੁੱਦੇ ਪ੍ਰਮੁੱਖ ਰਹਿਣਗੇ। ਸੂਬਿਆਂ ਵਿਚਕਾਰ ਵਪਾਰਕ ਰੁਕਾਵਟਾਂ, ਵੱਡੇ ਵਿਕਾਸੀ ਪ੍ਰੋਜੈਕਟਾਂ ਅਤੇ ਢਾਂਚਾਗਤ ਵਿਕਾਸ ਨਾਲ ਸੰਬੰਧਿਤ ਯੋਜਨਾਵਾਂ ’ਤੇ ਗੰਭੀਰ ਮੰਥਨ ਹੋ ਸਕਦਾ ਹੈ। ਇਸਦੇ ਨਾਲ ਹੀ, ਅੰਤਰਰਾਸ਼ਟਰੀ ਪੱਧਰ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੁੜੇ ਮਸਲੇ, ਸੰਭਾਵਿਤ ਟੈਰਿਫ਼ ਅਤੇ ਗ੍ਰੀਨਲੈਂਡ ਨਾਲ ਸਬੰਧਿਤ ਰਣਨੀਤਿਕ ਚਰਚਾਵਾਂ ਵੀ ਕੈਬਿਨੇਟ ਦੇ ਮੁੱਖ ਏਜੰਡੇ ਵਿੱਚ ਸ਼ਾਮਲ ਰਹਿਣ ਦੀ ਸੰਭਾਵਨਾ ਹੈ। ਸਰਕਾਰੀ ਸਰੋਤਾਂ ਮੁਤਾਬਕ, ਇਹ ਬੈਠਕ ਆਉਣ ਵਾਲੇ ਸਮੇਂ ਦੀ ਨੀਤੀ ਦਿਸ਼ਾ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
Posted By: Daily Suraj Bureau