ਜਗਰਾਓਂ ਦੋਹਰੇ ਪੁਲਿਸ ਕਤਲ ਕੇਸ ਵਿੱਚ ਵੱਡਾ ਫੈਸਲਾ, ਦੋ ਮੁਲਜ਼ਮਾਂ ਨੂੰ ਉਮਰ ਕੈਦ
ਸਾਲ 2021 ਵਿੱਚ ਜਗਰਾਓਂ ਦੀ ਨਵੀਂ ਅਨਾਜ ਮੰਡੀ ਵਿੱਚ ਹੋਏ ਦੋਹਰੇ ਪੁਲਿਸ ਕਤਲ ਮਾਮਲੇ ਵਿੱਚ ਅਦਾਲਤ ਨੇ ਅਹਿਮ ਫੈਸਲਾ ਸੁਣਾਇਆ ਹੈ। ਵਧੀਕ ਸੈਸ਼ਨ ਜੱਜ ਸਾਰੂ ਮਹਿਤਾ ਕੌਸ਼ਿਕ ਦੀ ਅਦਾਲਤ ਨੇ ਮੁੱਖ ਮੁਲਜ਼ਮ ਬਲਜਿੰਦਰ ਸਿੰਘ ਉਰਫ਼ ਬੱਬੀ ਅਤੇ ਦਰਸ਼ਨ ਸਿੰਘ ਨੂੰ ਕਤਲ ਸਮੇਤ ਕਈ ਗੰਭੀਰ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਕਈ ਹੋਰ ਮੁਲਜ਼ਮਾਂ ਨੂੰ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਇਸ ਦੇ ਨਾਲ ਹੀ ਦੋਵੇਂ ਸ਼ਹੀਦ ਏਐਸਆਈਜ਼ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। ਇਹ ਘਟਨਾ 15 ਮਈ 2021 ਨੂੰ ਜਗਰਾਓਂ ਦੀ ਨਵੀਂ ਅਨਾਜ ਮੰਡੀ ਵਿੱਚ ਵਾਪਰੀ ਸੀ। ਉਸ ਸਮੇਂ ਪੁਲਿਸ ਦੀ ਇੱਕ ਟੀਮ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਖਰੜ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕਰ ਰਹੀ ਸੀ। ਇਸਤਗਾਸਾ ਪੱਖ ਮੁਤਾਬਕ ਏਐਸਆਈ ਭਗਵਾਨ ਸਿੰਘ, ਏਐਸਆਈ ਦਲਵਿੰਦਰਜੀਤ ਸਿੰਘ ਅਤੇ ਪੰਜਾਬ ਹੋਮ ਗਾਰਡ ਦੇ ਜਵਾਨ ਰਾਜਵਿੰਦਰ ਸਿੰਘ ਗਸ਼ਤ ‘ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਅਨਾਜ ਮੰਡੀ ਵਿੱਚ ਇੱਕ ਹੁੰਡਈ ਆਈ-10 ਕਾਰ ਅਤੇ ਇੱਕ ਕੈਂਟਰ ਨੂੰ ਸ਼ੱਕੀ ਹਾਲਾਤਾਂ ਵਿੱਚ ਖੜ੍ਹਾ ਦੇਖਿਆ। ਜਿਵੇਂ ਹੀ ਪੁਲਿਸ ਟੀਮ ਵਾਹਨਾਂ ਦੇ ਨੇੜੇ ਪਹੁੰਚੀ, ਮੁਲਜ਼ਮਾਂ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਹਮਲੇ ਵਿੱਚ ਏਐਸਆਈ ਭਗਵਾਨ ਸਿੰਘ ਅਤੇ ਏਐਸਆਈ ਦਲਵਿੰਦਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਪੰਜਾਬ ਹੋਮ ਗਾਰਡ ਦੇ ਜਵਾਨ ਰਾਜਵਿੰਦਰ ਸਿੰਘ ਇਸ ਹਮਲੇ ਵਿੱਚ ਬਚ ਗਏ। ਘਟਨਾ ਤੋਂ ਬਾਅਦ ਜਾਂਚ ਦੌਰਾਨ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਖਰੜ ਬਾਅਦ ਵਿੱਚ ਕੋਲਕਾਤਾ ਵਿੱਚ ਇੱਕ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ। ਇਸ ਤੋਂ ਬਾਅਦ ਪੁਲਿਸ ਨੇ ਅਗਲੀ ਕਾਰਵਾਈ ਕਰਦਿਆਂ ਬਲਜਿੰਦਰ ਸਿੰਘ ਉਰਫ਼ ਬੱਬੀ ਅਤੇ ਦਰਸ਼ਨ ਸਿੰਘ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਇਸ ਮਾਮਲੇ ਵਿੱਚ ਭਰਤ ਕੁਮਾਰ ਨੂੰ ਵੀ ਦੋਸ਼ੀਆਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਸਤਪਾਲ ਕੌਰ, ਗਗਨਦੀਪ ਸਿੰਘ ਉਰਫ਼ ਨੰਨਾ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਲੱਕੀ ਅਤੇ ਨਾਨਕ ਚੰਦ ਨੂੰ ਬਿਨਾਂ ਲਾਇਸੈਂਸ ਗੈਰ-ਕਾਨੂੰਨੀ ਹਥਿਆਰ ਅਤੇ ਕਾਰਤੂਸ ਰੱਖਣ ਦੇ ਦੋਸ਼ ਹੇਠ ਦੋਸ਼ੀ ਠਹਿਰਾਇਆ ਗਿਆ ਹੈ।
Posted By: Daily Suraj Bureau