Daily Suraj

ਪੰਜਾਬੀ

ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵਿਦਿਆਰਥੀ ਤੇ ਸਟਾਫ਼ ਬਾਹਰ ਕੱਢੇ

11 Aug, 2026 11:05 AM

ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ ਭਰੀਆਂ ਈਮੇਲਾਂ ਮਿਲਣ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਕੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਅਤੇ ਸਥਾਨਕ ਜਾਂਚ ਏਜੰਸੀਆਂ ਨੇ ਸਕੂਲਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਮੁੱਢਲੀ ਜਾਣਕਾਰੀ ਅਨੁਸਾਰ ਸੈਕਟਰ 38 ਸਥਿਤ ਵਿਵੇਕ ਹਾਈ ਸਕੂਲ ਸਮੇਤ ਕਈ ਪ੍ਰਮੁੱਖ ਸਕੂਲਾਂ ਨੂੰ ਇਹ ਈਮੇਲਾਂ ਪ੍ਰਾਪਤ ਹੋਈਆਂ ਹਨ। ਈਮੇਲਾਂ ਵਿੱਚ ਸਕੂਲਾਂ ਦੀਆਂ ਇਮਾਰਤਾਂ ਅੰਦਰ ਬੰਬ ਰੱਖੇ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ। ਚੰਡੀਗੜ੍ਹ ਪੁਲੀਸ ਦੇ ਨਾਲ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਸਕੂਲ ਕੰਪਲੈਕਸਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ। ਸੁਰੱਖਿਆ ਦੇ ਮੱਦੇਨਜ਼ਰ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਸਟਾਫ਼ ਨੂੰ ਇਮਾਰਤਾਂ ਤੋਂ ਬਾਹਰ ਕੱਢ ਲਿਆ ਗਿਆ। ਇੱਕ ਅਧਿਕਾਰੀ ਮੁਤਾਬਕ ਜਿਹੜੇ ਬੱਚੇ ਆਪਣੇ ਮਾਪਿਆਂ ਨਾਲ ਸਕੂਲ ਪਹੁੰਚੇ ਸਨ, ਉਨ੍ਹਾਂ ਨੂੰ ਤੁਰੰਤ ਘਰ ਵਾਪਸ ਭੇਜ ਦਿੱਤਾ ਗਿਆ, ਜਦਕਿ ਬਾਕੀ ਵਿਦਿਆਰਥੀਆਂ ਨੂੰ ਇਮਾਰਤ ਤੋਂ ਬਾਹਰ ਸੁਰੱਖਿਅਤ ਥਾਂ ’ਤੇ ਇਕੱਠਾ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਵੱਲੋਂ ਸਕੂਲ ਦੀ ਇਮਾਰਤ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਐਲਾਨੇ ਜਾਣ ਤੋਂ ਬਾਅਦ ਹੀ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੌਰਾਨ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਵੱਲੋਂ ਸਕੂਲਾਂ ਦੇ ਵੱਖ-ਵੱਖ ਹਿੱਸਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲਾਂ ਵੀ ਮਿਲ ਚੁੱਕੀਆਂ ਹਨ ਅਜਿਹੀਆਂ ਧਮਕੀਆਂ ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਇਸ ਤਰ੍ਹਾਂ ਦੀਆਂ ਧਮਕੀ ਭਰੀਆਂ ਈਮੇਲਾਂ ਮਿਲਦੀਆਂ ਰਹੀਆਂ ਹਨ। ਹਰ ਵਾਰ ਅਜਿਹੀਆਂ ਧਮਕੀਆਂ ਤੋਂ ਬਾਅਦ ਸਕੂਲਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਜਾਂਦੀ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਵਾਰ ਮਿਲੀ ਧਮਕੀ ਭਰੀ ਈਮੇਲ ਵੀ ਖਾਲਿਸਤਾਨ ਦੀ ਵਿਚਾਰਧਾਰਾ ਦਾ ਸਮਰਥਨ ਕਰਨ ਵਾਲੇ ਇੱਕ ਸਮੂਹ ਵੱਲੋਂ ਭੇਜੀ ਗਈ ਹੋਣ ਦਾ ਖਦਸ਼ਾ ਹੈ। ਹਾਲਾਂਕਿ ਇਸ ਸਬੰਧੀ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਸਕੂਲਾਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਮੇਅਰ ਦਫ਼ਤਰ ਅਤੇ ਹੋਰ ਮਹੱਤਵਪੂਰਨ ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਮਿਲ ਚੁੱਕੀਆਂ ਹਨ। ਪੁਲੀਸ ਦੇ ਸਾਈਬਰ ਸੈੱਲ ਵੱਲੋਂ ਤਾਜ਼ਾ ਈਮੇਲ ਦੇ ਆਈ.ਪੀ. ਐਡਰੈੱਸ ਅਤੇ ਇਸ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਮਕੀ ਭਰੀ ਈਮੇਲ ਕਿੱਥੋਂ ਭੇਜੀ ਗਈ ਅਤੇ ਇਸ ਦੇ ਪਿੱਛੇ ਕੌਣ ਹੈ।

Posted By: Daily Suraj Bureau

Latest News