ਪਟਿਆਲਾ ਅਤੇ ਮੋਹਾਲੀ 'ਚ ED ਦੀ ਵੱਡੀ ਕਾਰਵਾਈ: ਤਿੰਨ ਸ਼ੋਅਰੂਮਾਂ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ
ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪੰਜਾਬ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਪਟਿਆਲਾ ਅਤੇ ਮੋਹਾਲੀ ਵਿੱਚ ਵੱਖ-ਵੱਖ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ। ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਸਥਿਤ ਕਮਰਸ਼ੀਅਲ ਮਾਰਕੀਟ ਵਿੱਚ ਮੰਗਲਵਾਰ ਦੇਰ ਰਾਤ ਤੋਂ ਸ਼ੁਰੂ ਹੋਇਆ ਈਡੀ ਦਾ ਇਹ ਆਪ੍ਰੇਸ਼ਨ ਬੁੱਧਵਾਰ ਸਵੇਰ ਤੱਕ ਜਾਰੀ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ, ਜਾਂਚ ਏਜੰਸੀ ਦੀ ਟੀਮ ਨੇ ਫੇਜ਼-2 ਦੇ ਸ਼ੋਅਰੂਮ ਨੰਬਰ 8, 9 ਅਤੇ 10 ਵਿੱਚ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ। ਇਹ ਪਰਿਸਰ 'ਫਲਾਇੰਗ ਫੈਦਰਜ਼' ਅਤੇ 'ਡੀਐੱਮ ਵੈੱਬ ਬੇਸਡ ਸਲਿਊਸ਼ਨਜ਼' ਨਾਮਕ ਕੰਪਨੀਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਕਾਰਵਾਈ ਦੌਰਾਨ ਈਡੀ ਦੇ ਅਧਿਕਾਰੀਆਂ ਨੇ ਮੌਕੇ 'ਤੇ ਮੌਜੂਦ ਕੰਪਨੀ ਦੇ ਅਹਿਮ ਦਸਤਾਵੇਜ਼ਾਂ, ਰਿਕਾਰਡਾਂ ਅਤੇ ਕੰਪਿਊਟਰਾਂ ਵਿੱਚ ਦਰਜ ਡਾਟਾ ਦੀ ਬਾਰੀਕੀ ਨਾਲ ਜਾਂਚ ਕੀਤੀ। ਸੂਤਰਾਂ ਮੁਤਾਬਕ, ਜਾਂਚ ਪ੍ਰਕਿਰਿਆ ਦੌਰਾਨ ਪੂਰੀ ਇਮਾਰਤ ਨੂੰ ਸੀਲ ਵੀ ਕੀਤਾ ਗਿਆ ਹੈ। ਪਟਿਆਲਾ ਤੋਂ ਇਲਾਵਾ, ਈਡੀ ਦੀ ਇੱਕ ਹੋਰ ਟੀਮ ਨੇ ਮੋਹਾਲੀ ਦੇ ਆਈਟੀ ਸਿਟੀ (ਸੈਕਟਰ 82ਏ) ਸਥਿਤ ਪਲਾਟ ਨੰਬਰ 2010 'ਤੇ ਵੀ ਛਾਪੇਮਾਰੀ ਕੀਤੀ। ਦੋਵਾਂ ਸ਼ਹਿਰਾਂ ਵਿੱਚ ਚੱਲ ਰਹੀਆਂ ਇਨ੍ਹਾਂ ਕਾਰਵਾਈਆਂ ਦੌਰਾਨ ਜਾਂਚ ਏਜੰਸੀ ਵੱਲੋਂ ਵੱਖ-ਵੱਖ ਵਿੱਤੀ ਰਿਕਾਰਡਾਂ ਅਤੇ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੜਤਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇਹ ਛਾਪੇਮਾਰੀ ਗੁਪਤ ਜਾਣਕਾਰੀ ਅਤੇ ਪਹਿਲਾਂ ਤੋਂ ਚੱਲ ਰਹੀ ਜਾਂਚ ਦੇ ਆਧਾਰ 'ਤੇ ਕੀਤੀ ਗਈ ਹੈ। ਹਾਲਾਂਕਿ, ਇਹ ਕਾਰਵਾਈ ਕਿਸ ਖਾਸ ਮਾਮਲੇ ਨਾਲ ਸਬੰਧਤ ਹੈ ਅਤੇ ਜਾਂਚ ਦੌਰਾਨ ਕੀ ਕੁਝ ਬਰਾਮਦ ਹੋਇਆ ਹੈ, ਇਸ ਬਾਰੇ ਈਡੀ ਦੇ ਅਧਿਕਾਰੀਆਂ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਬਿਆਨ ਸਾਂਝਾ ਨਹੀਂ ਕੀਤਾ ਗਿਆ ਹੈ।
Posted By: Daily Suraj Bureau