ਮਾਨਸੂਨ ਮੁੜ ਸਰਗਰਮ, ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ
ਪੰਜਾਬ ਵਿੱਚ ਮਾਨਸੂਨ ਦੀ ਸਰਗਰਮੀ ਜਾਰੀ ਹੈ। ਜਲੰਧਰ ਸਮੇਤ ਸੂਬੇ ਦੇ ਕਈ ਇਲਾਕਿਆਂ ਵਿੱਚ ਵੀਰਵਾਰ ਸਵੇਰ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਦਕਿ ਕਈ ਹੋਰ ਥਾਵਾਂ ‘ਤੇ ਬੀਤੀ ਰਾਤ ਵੀ ਬੂੰਦਾਬਾਂਦੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਅੱਜ ਚੰਡੀਗੜ੍ਹ ਅਤੇ ਪੰਜਾਬ ਦੇ 23 ਜ਼ਿਲ੍ਹਿਆਂ ਲਈ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ, ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਉੱਪਰ ਮਾਨਸੂਨ ਟ੍ਰੈਫ਼ ਸਰਗਰਮ ਹੈ, ਜਦਕਿ ਇੱਕ ਪੱਛਮੀ ਗੜਬੜੀ ਜੰਮੂ ਖੇਤਰ ਦੇ ਨੇੜੇ ਪਹੁੰਚ ਰਹੀ ਹੈ। ਇਨ੍ਹਾਂ ਦੋਵੇਂ ਮੌਸਮੀ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਅਗਲੇ 2 ਤੋਂ 3 ਦਿਨਾਂ ਤੱਕ ਸੂਬੇ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹਿਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਮੁਤਾਬਕ ਇਸ ਦੌਰਾਨ ਕਦੇ-ਕਦੇ ਬੱਦਲ ਛਾਏ ਰਹਿਣਗੇ ਅਤੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹਿ ਸਕਦੀ ਹੈ। ਉੱਤਰੀ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਵੀ ਰੁਕ-ਰੁਕ ਕੇ ਬਾਰਿਸ਼ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਬਾਰਿਸ਼ ਦੇ ਬਾਵਜੂਦ ਸੂਬੇ ਵਿੱਚ ਹੁੰਮਸ ਅਤੇ ਗਰਮੀ ਦਾ ਅਸਰ ਬਣਿਆ ਰਹਿ ਸਕਦਾ ਹੈ।
Posted By: Daily Suraj Bureau