Daily Suraj

ਪੰਜਾਬੀ

ਸਕੂਲਾਂ ਨੂੰ ਮਿਲੀਆਂ ਧਮਕੀਆਂ ਤੋਂ ਬਾਅਦ ਪ੍ਰਸ਼ਾਸਨ ਅਲਰਟ, ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ

23 Apr, 2026 10:01 AM

ਬਠਿੰਡਾ ਸ਼ਹਿਰ ਦੇ ਚਾਰ ਨਿੱਜੀ ਸਕੂਲਾਂ ਨੂੰ ਵੀਰਵਾਰ ਨੂੰ ਧਮਕੀ ਭਰੇ ਈਮੇਲ ਪ੍ਰਾਪਤ ਹੋਣ ਕਾਰਨ ਪ੍ਰਸ਼ਾਸਨ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਇਸ ਘਟਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਤੁਰੰਤ ਸੁਰੱਖਿਆ ਸੰਬੰਧੀ ਕਦਮ ਚੁੱਕੇ ਗਏ। ਪੁਲੀਸ ਦੀਆਂ ਟੀਮਾਂ ਨੇ ਪ੍ਰਭਾਵਿਤ ਸਕੂਲਾਂ ਵਿੱਚ ਵਿਸਥਾਰਪੂਰਵਕ ਤਲਾਸ਼ੀ ਮੁਹਿੰਮ ਚਲਾਈ, ਤਾਂ ਜੋ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਸਕੂਲ ਪ੍ਰੰਗਣ ਦੇ ਹਰੇਕ ਹਿੱਸੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਜਾਂ ਇਤਰਾਜ਼ਯੋਗ ਵਸਤੂ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਹੋਰ ਸਾਵਧਾਨੀ ਵਰਤਦਿਆਂ ਰੇਲਵੇ ਸਟੇਸ਼ਨ ’ਤੇ ਵੀ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ ਅਤੇ ਚੈਕਿੰਗ ਦੇ ਨਾਲ ਨਿਗਰਾਨੀ ਵਿੱਚ ਵਾਧਾ ਕੀਤਾ ਗਿਆ ਹੈ। ਇਹ ਵੀ ਯਾਦ ਰਹੇ ਕਿ 20 ਅਪਰੈਲ ਨੂੰ ਰੇਲਵੇ ਲਾਈਨ ਨੂੰ ਉਡਾਉਣ ਦੀ ਇੱਕ ਫਰਜ਼ੀ ਧਮਕੀ ਭਰੀ ਈਮੇਲ ਮਿਲੀ ਸੀ, ਜਿਸ ਕਾਰਨ ਇਲਾਕੇ ਦੇ ਵਸਨੀਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਸੀ। ਮੌਜੂਦਾ ਘਟਨਾ ਤੋਂ ਬਾਅਦ ਪ੍ਰਸ਼ਾਸਨ ਹੋਰ ਵੀ ਸਚੇਤ ਹੋ ਗਿਆ ਹੈ ਅਤੇ ਸੁਰੱਖਿਆ ਦੇ ਪੱਖੋਂ ਕੋਈ ਵੀ ਲਾਪਰਵਾਹੀ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ।

Posted By: Daily Suraj Bureau

Latest News