Daily Suraj

ਪੰਜਾਬੀ

ਵੱਡਾ ਸਿਆਸੀ ਧਮਾਕਾ: ਰਾਘਵ ਚੱਢਾ ਨੇ ‘ਆਪ’ ਛੱਡੀ, ਭਾਜਪਾ ‘ਚ ਜਾਣ ਦਾ ਐਲਾਨ

24 Apr, 2026 05:02 PM

ਦੇਸ਼ ਦੀ ਰਾਜਨੀਤੀ ਵਿੱਚ ਅੱਜ ਵੱਡਾ ਸਿਆਸੀ ਮੋੜ ਆਇਆ ਜਦੋਂ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਸਾਂਸਦ ਰਾਘਵ ਚੱਢਾ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਵੀ ਕੀਤੀ। ਦਿੱਲੀ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਦੱਸਿਆ ਕਿ ਉਹ ਪਾਰਟੀ ਦੇ ਦੋ-ਤਿਹਾਈ ਸੰਸਦ ਮੈਂਬਰਾਂ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦਾ ਇਹ ਕਦਮ ਸਿਆਸੀ ਮਾਹੌਲ ਵਿੱਚ ਚਰਚਾ ਦਾ ਕੇਂਦਰ ਬਣ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ “ਜਿਸ ‘ਆਪ’ ਨੂੰ ਮੈਂ ਆਪਣੇ ਖੂਨ-ਪਸੀਨੇ ਨਾਲ ਸਿੰਜਿਆ ਅਤੇ ਆਪਣੀ ਜਵਾਨੀ ਦੇ 15 ਸਾਲ ਦਿੱਤੇ, ਉਹ ਹੁਣ ਆਪਣੇ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਮੂਲ ਨੈਤਿਕਤਾ ਤੋਂ ਭਟਕ ਗਈ ਹੈ।” ਉਨ੍ਹਾਂ ਨੇ ਦੋਸ਼ ਲਗਾਇਆ ਕਿ ਪਾਰਟੀ ਹੁਣ ਦੇਸ਼ ਦੇ ਹਿੱਤ ਦੀ ਬਜਾਏ ਨਿੱਜੀ ਫਾਇਦੇ ਲਈ ਕੰਮ ਕਰ ਰਹੀ ਹੈ। ਰਾਘਵ ਚੱਢਾ ਨੇ ਇਹ ਵੀ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਉਹ ਗਲਤ ਪਾਰਟੀ ਵਿੱਚ ਸਹੀ ਵਿਅਕਤੀ ਹਨ। ਇਸ ਲਈ ਉਨ੍ਹਾਂ ਨੇ ਅੱਜ ਆਪਣੇ ਆਪ ਨੂੰ ਪਾਰਟੀ ਤੋਂ ਵੱਖ ਕਰਨ ਅਤੇ ਲੋਕਾਂ ਦੇ ਨੇੜੇ ਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋ-ਤਿਹਾਈ ਤੋਂ ਵੱਧ ਸਾਂਸਦ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਦੇ ਮੁਤਾਬਕ ਹਰਭਜਨ ਸਿੰਘ, ਰਾਜੇਂਦਰ ਗੁਪਤਾ, ਵਿਕਰਮਜੀਤ ਸਿੰਘ ਸਾਹਨੀ ਅਤੇ ਸਵਾਤੀ ਮਾਲੀਵਾਲ ਵੀ ਇਸ ਫੈਸਲੇ ਵਿੱਚ ਉਨ੍ਹਾਂ ਦੇ ਨਾਲ ਹਨ। ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਦੇ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਦੋ-ਤਿਹਾਈ ਮੈਂਬਰ ਭਾਰਤ ਦੇ ਸੰਵਿਧਾਨ ਦੀਆਂ ਧਾਰਾਵਾਂ ਦੇ ਤਹਿਤ ਭਾਜਪਾ ਵਿੱਚ ਰਲੇਵਾਂ ਕਰ ਲੈਣਗੇ। ਇਸ ਘਟਨਾ ਨਾਲ ਦੇਸ਼ ਦੀ ਰਾਜਨੀਤੀ ਵਿੱਚ ਨਵਾਂ ਮੋੜ ਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਵੱਡੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।

Posted By: Daily Suraj Bureau

Latest News