ਪਰਿਵਾਰ ਦੇ ਸੁੱਤੇ ਹੋਣ ਦੌਰਾਨ ਵੱਡੀ ਵਾਰਦਾਤ, ਪਿੰਡ ਵਿੱਚ ਸਹਿਮ ਦਾ ਮਾਹੌਲ
ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਚੱਕ ਕੋਟਲਾ ਵਿੱਚ ਬੀਤੀ ਰਾਤ ਵਾਪਰੀ ਵੱਡੀ ਚੋਰੀ ਦੀ ਘਟਨਾ ਨੇ ਇੱਕ ਪਰਿਵਾਰ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅਣਪਛਾਤੇ ਚੋਰਾਂ ਨੇ ਯੋਜਨਾਬੱਧ ਢੰਗ ਨਾਲ ਘਰ ਦੀ ਪਿਛਲੀ ਕੰਧ ਵਿੱਚ ਸੰਨ੍ਹ ਲਗਾ ਕੇ ਸਾਲਾਂ ਦੀ ਮਿਹਨਤ ਨਾਲ ਜੋੜੀ ਗਈ ਪੂੰਜੀ 'ਤੇ ਹੱਥ ਸਾਫ ਕਰ ਦਿੱਤਾ। ਜਾਣਕਾਰੀ ਅਨੁਸਾਰ, ਘਟਨਾ ਵੇਲੇ ਪਰਿਵਾਰ ਦੇ ਮੈਂਬਰ ਘਰ ਦੇ ਵਿਹੜੇ ਵਿੱਚ ਸੁੱਤੇ ਹੋਏ ਸਨ। ਇਸ ਦੇ ਬਾਵਜੂਦ ਚੋਰ ਬੇਖ਼ੌਫ਼ ਹੋ ਕੇ ਘਰ ਵਿੱਚ ਦਾਖ਼ਲ ਹੋਏ ਅਤੇ ਜਾਂਦੇ ਸਮੇਂ ਘਰ ਦੇ ਅੰਦਰਲੇ ਦਰਵਾਜ਼ਿਆਂ ਨੂੰ ਕੱਪੜਿਆਂ ਨਾਲ ਬੰਨ੍ਹ ਗਏ। ਸਵੇਰੇ ਜਦੋਂ ਪਰਿਵਾਰ ਨੂੰ ਚੋਰੀ ਦਾ ਪਤਾ ਲੱਗਿਆ ਤਾਂ ਉਹ ਛੱਤ ਰਾਹੀਂ ਕਮਰੇ ਵਿੱਚ ਪਹੁੰਚੇ। ਉੱਥੇ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ, ਸਾਮਾਨ ਖਿੱਲਰਿਆ ਹੋਇਆ ਸੀ ਅਤੇ ਘਰ ਵਿੱਚੋਂ ਕਰੀਬ 25 ਤੋਲੇ ਸੋਨਾ, 10 ਤੋਂ 12 ਤੋਲੇ ਚਾਂਦੀ, ਲਗਭਗ ਢਾਈ ਲੱਖ ਰੁਪਏ ਨਕਦ ਅਤੇ ਹੋਰ ਕੀਮਤੀ ਸਾਮਾਨ ਗਾਇਬ ਸੀ। ਵੀਹ ਸਾਲਾਂ ਦੀ ਮਿਹਨਤ ਇੱਕ ਰਾਤ ਵਿੱਚ ਹੋਈ ਚੋਰੀ ਪੀੜਤ ਪਰਿਵਾਰ ਦੀਆਂ ਮੈਂਬਰਾਂ ਬਲਜੀਤ ਕੌਰ ਅਤੇ ਸੰਦੀਪ ਕੌਰ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰ ਪਿਛਲੇ ਕਰੀਬ 20 ਸਾਲਾਂ ਤੋਂ ਵਿਦੇਸ਼ ਵਿੱਚ ਮਿਹਨਤ-ਮਜ਼ਦੂਰੀ ਕਰਕੇ ਘਰ ਦੇ ਭਵਿੱਖ ਲਈ ਇੱਕ-ਇੱਕ ਪੈਸਾ ਜੋੜ ਰਹੇ ਸਨ। ਧੀਆਂ ਦੇ ਵਿਆਹਾਂ ਅਤੇ ਹੋਰ ਪਰਿਵਾਰਕ ਲੋੜਾਂ ਲਈ ਸੰਭਾਲ ਕੇ ਰੱਖਿਆ ਗਿਆ ਸੋਨਾ ਅਤੇ ਨਕਦੀ ਹੁਣ ਚੋਰ ਲੈ ਗਏ ਹਨ। ਉਨ੍ਹਾਂ ਪੁਲੀਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਹੈ। ਪਿੰਡ ਵਾਸੀਆਂ ਨੇ ਸੁਰੱਖਿਆ ਪ੍ਰਬੰਧਾਂ 'ਤੇ ਚੁੱਕੇ ਸਵਾਲ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਿਹਾ ਕਿ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਬਸਤੀ ਰੰਗੀਲਪੁਰ ਵਿੱਚ ਵੀ ਇੱਕ ਵੱਡੀ ਚੋਰੀ ਹੋਈ ਸੀ, ਪਰ ਉਸ ਮਾਮਲੇ ਵਿੱਚ ਅਜੇ ਤੱਕ ਪੁਲੀਸ ਨੂੰ ਕੋਈ ਵੱਡੀ ਸਫ਼ਲਤਾ ਨਹੀਂ ਮਿਲੀ। ਇਸ ਕਾਰਨ ਲੋਕ ਆਪਣੇ ਘਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਪਿੰਡ ਦੇ ਸਰਪੰਚ ਹਰਚਰਨ ਸਿੰਘ ਨੇ ਕਿਹਾ ਕਿ ਇਸ ਘਟਨਾ ਕਾਰਨ ਪੂਰੇ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਨੇ ਪੁਲੀਸ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਪੁਲੀਸ ਵੱਲੋਂ ਜਾਂਚ ਜਾਰੀ ਚੌਂਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਟੀਮਾਂ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ ਅਤੇ ਹਰ ਸੰਭਵ ਪੱਖ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਸਤੀ ਰੰਗੀਲਪੁਰ ਦੀ ਚੋਰੀ ਅਜੇ ਵੀ ਅਣਸੁਲਝੀ ਗੌਰਤਲਬ ਹੈ ਕਿ ਕੁਝ ਸਮਾਂ ਪਹਿਲਾਂ ਬਸਤੀ ਰੰਗੀਲਪੁਰ ਵਿੱਚ ਸ਼ੀਤਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰ ਵੀ ਚੋਰਾਂ ਨੇ ਕਰੀਬ 15 ਤੋਲੇ ਸੋਨਾ, ਨਕਦੀ ਅਤੇ 500 ਯੂਰੋ ਚੋਰੀ ਕਰ ਲਏ ਸਨ। ਉਸ ਮਾਮਲੇ ਵਿੱਚ ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਣ ਦੇ ਬਾਵਜੂਦ ਪੁਲੀਸ ਅਜੇ ਤੱਕ ਕੋਈ ਵੱਡੀ ਸਫ਼ਲਤਾ ਹਾਸਲ ਨਹੀਂ ਕਰ ਸਕੀ। ਹੁਣ ਚੱਕ ਕੋਟਲਾ ਵਿੱਚ ਹੋਈ ਇਸ ਨਵੀਂ ਵੱਡੀ ਚੋਰੀ ਨੇ ਇੱਕ ਵਾਰ ਫਿਰ ਇਲਾਕੇ ਵਿੱਚ ਕਾਨੂੰਨ-ਵਿਵਸਥਾ, ਸੁਰੱਖਿਆ ਪ੍ਰਬੰਧਾਂ ਅਤੇ ਪੁਲੀਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।
Posted By: Daily Suraj Bureau