Daily Suraj

ਪੰਜਾਬੀ

ਗਾਜ਼ੀਆਬਾਦ ਦੀਆਂ ਭੈਣਾਂ ਕੋਰੀਅਨ ਨਾਂ ‘ਤੇ ਚਲਾਉਂਦੀਆਂ ਸਨ ਸੋਸ਼ਲ ਮੀਡੀਆ ਖਾਤੇ

05 Feb, 2026 12:56 PM

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਬੁੱਧਵਾਰ ਸਵੇਰੇ ਆਪਣੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਤਿੰਨ ਨਾਬਾਲਗ ਭੈਣਾਂ ਨੇ ਛਾਲ ਮਾਲ ਦਿੱਤੀ ਸੀ। ਇਨ੍ਹਾਂ ਲੜਕੀਆਂ ਦੀ ਮੌਤ ਤੋਂ ਬਾਅਦ ਪੁਲੀਸ ਸੂਤਰਾਂ ਨੇ ਕਿਹਾ ਕਿ ਇਹ ਲੜਕੀਆਂ ਕੋਰੀਆਈ ਪੌਪ ਸੱਭਿਆਚਾਰ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੇ ਕੋਰੀਅਨ ਨਾਂ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ਖਾਤਾ ਬਣਾਇਆ ਹੋਇਆ ਸੀ ਜਿਨ੍ਹਾਂ ਦੇ ਵੱਡੀ ਗਿਣਤੀ ਵਿੱਚ ਫਾਲੋਅਰਜ਼ ਹਨ। ਇਹ ਖੁਲਾਸਾ ਐਨਡੀਟੀਵੀ ਦੀ ਰਿਪੋਰਟ ਅਨੁਸਾਰ ਕੀਤਾ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭੈਣਾਂ ਸਾਂਝੇ ਤੌਰ ’ਤੇ ਇੱਕ ਸੋਸ਼ਲ ਮੀਡੀਆ ਅਕਾਊਂਟ ਚਲਾਉਂਦੀਆਂ ਸਨ ਜਿੱਥੇ ਉਹ ਆਪਣੀ ਪਛਾਣ ਕੋਰੀਆਈ ਨਾਵਾਂ ਨਾਲ ਕਰਦੀਆਂ ਸਨ ਅਤੇ ਨਿਯਮਿਤ ਤੌਰ ’ਤੇ ਕੋਰੀਆਈ ਨਾਟਕਾਂ, ਸੰਗੀਤ ਅਤੇ ਫੈਸ਼ਨ ਤੋਂ ਪ੍ਰੇਰਿਤ ਸਮੱਗਰੀ ਪੋਸਟ ਕਰਦੀਆਂ ਸਨ। ਪੀੜਤਾਂ ਦੀ ਪਛਾਣ ਨਿਸ਼ਿਕਾ (16), ਪ੍ਰਾਚੀ (14) ਅਤੇ ਪਾਖੀ (12) ਵਜੋਂ ਹੋਈ ਹੈ। ਪੁਲੀਸ ਅਨੁਸਾਰ ਇਨ੍ਹਾਂ ਲੜਕੀਆਂ ਦੇ ਪਿਤਾ ਨੇ ਇਨ੍ਹਾਂ ਲੜਕੀਆਂ ਨੂੰ ਗੇਮ ਖੇਡਣ ਤੋਂ ਰੋਕਿਆ ਸੀ ਤੇ ਉਨ੍ਹਾਂ ਦਾ ਮੋਬਾਈਲ ਫੋਨ ਖੋਹ ਲਿਆ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਭੈਣਾਂ ਕੋਰੀਅਨ ਡਰਾਮੇ ਦੇਖਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੱਕ ਪਹੁੰਚ ਕਰਨ ਤੋਂ ਅਸਮਰੱਥ ਹੋਣ ਕਰਕੇ ਪ੍ਰੇਸ਼ਾਨ ਹੋ ਗਈਆਂ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਲੜਕੀਆਂ ਦਾ ਪਿਤਾ ਚੇਤਨ ਕੁਮਾਰ ਪੇਸ਼ੇ ਵਜੋਂ ਵਪਾਰੀ ਹੈ ਤੇ ਅਜੋਕੇ ਸਮੇਂ ਗੰਭੀਰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਦੇ ਸਿਰ ’ਤੇ 2 ਕਰੋੜ ਰੁਪਏ ਦਾ ਕਰਜ਼ਾ ਹੈ। ਉਸ ਨੇ ਘਰੇਲੂ ਖਰਚੇ ਘਟਾਉਣ ਤੇ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨ ਲਈ ਮੋਬਾਈਲ ਫੋਨ ਵੇਚ ਦਿੱਤੇ ਸਨ। ਜਾਣਕਾਰੀ ਅਨੁਸਾਰ ਇਹ ਘਟਨਾ ਗਾਜ਼ੀਆਬਾਦ ਦੀ ਰਿਹਾਇਸ਼ੀ ਟਾਊਨਸ਼ਿਪ 'ਭਾਰਤ ਸਿਟੀ' ਵਿੱਚ ਵਾਪਰੀ। ਰਿਪੋਰਟਾਂ ਅਨੁਸਾਰ ਤਿੰਨੋਂ ਭੈਣਾਂ ਇੱਕ-ਦੂਜੇ ਦੇ ਬਹੁਤ ਕਰੀਬ ਸਨ ਅਤੇ ਜ਼ਿਆਦਾਤਰ ਇਕੱਠੀਆਂ ਰਹਿੰਦੀਆਂ ਸਨ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਲੜਕੀਆਂ ਨੂੰ ਕਰੋਨਾ ਮਹਾਮਾਰੀ ਦੌਰਾਨ ਆਨਲਾਈਨ ਗੇਮ ਖੇਡਣ ਦੀ ਆਦਤ ਪੈ ਗਈ। ਉਹ ਆਨਲਾਈਨ ਟਾਸਕ-ਆਧਾਰਿਤ "ਕੋਰੀਅਨ ਲਵ ਗੇਮ" ਖੇਡ ਰਹੀਆਂ ਸਨ। ਇਨ੍ਹਾਂ ਲੜਕੀਆਂ ਨੇ ਨਿਯਮਤ ਤੌਰ ’ਤੇ ਸਕੂਲ ਜਾਣਾ ਬੰਦ ਕਰ ਦਿੱਤਾ ਸੀ ਜਿਸ ਕਾਰਨ ਇਨ੍ਹਾਂ ਦੇ ਮਾਪੇ ਪ੍ਰੇਸ਼ਾਨ ਸਨ। ਗਾਜ਼ੀਆਬਾਦ ਪੁਲੀਸ ਵੱਲੋਂ ਐਕਸ ’ਤੇ ਜਾਰੀ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਮਾਪਿਆਂ ਨੇ ਵਾਰ-ਵਾਰ ਆਪਣੀਆਂ ਧੀਆਂ ਦੀ ਗੇਮ ਖੇਡਣ ਦੀ ਆਦਤ ’ਤੇ ਇਤਰਾਜ਼ ਜਤਾਇਆ ਸੀ ਅਤੇ ਉਨ੍ਹਾਂ ਨੂੰ ਪੜ੍ਹਾਈ ਬਾਰੇ ਸਮਝਾਇਆ ਵੀ ਸੀ। ਮੰਗਲਵਾਰ ਰਾਤ ਨੂੰ ਇਸ ਮੁੱਦੇ ’ਤੇ ਘਰ ਵਿੱਚ ਹੋਈ ਬਹਿਸ ਤੋਂ ਬਾਅਦ ਇਨ੍ਹਾਂ ਭੈਣਾਂ ਨੇ ਇਹ ਕਦਮ ਚੁੱਕਿਆ। ਸੁਸਾਇਟੀ ਦੇ ਵਸਨੀਕਾਂ ਨੇ ਤੜਕਸਾਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਨੂੰ ਸੂਚਨਾ ਦਿੱਤੀ। ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅਪਾਰਟਮੈਂਟ ਕੰਪਲੈਕਸ ਦੇ ਅੰਦਰੋਂ ਲਾਸ਼ਾਂ ਬਰਾਮਦ ਕੀਤੀਆਂ। ਲੜਕੀਆਂ ਦੇ ਖੁਦਕੁਸ਼ੀ ਕਰਨ ਕਾਰਨ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।

Posted By: Daily Suraj Bureau

Latest News