ਮਹਿਲਾ ਖੁਦਕੁਸ਼ੀ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣਾ ਜੋਗਾ ਦਾ ਘਿਰਾਓ, ਮਾਨਸਾ-ਬਰਨਾਲਾ ਮਾਰਗ ਜਾਮ
ਪਿੰਡ ਬੁਰਜ ਝੱਬਰ ਦੀ ਇੱਕ ਮਹਿਲਾ ਵੱਲੋਂ ਸਕੂਲ ਦੀ ਹਿੱਸੇਦਾਰੀ ਨਾਲ ਜੁੜੇ ਪੈਸਿਆਂ ਦੇ ਵਿਵਾਦ ਕਾਰਨ ਕਥਿਤ ਤੌਰ ’ਤੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੀੜਤ ਧਿਰ ਦਾ ਰੋਸ ਜਾਰੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਸਮਰਥਕਾਂ ਨੇ ਪਹਿਲਾਂ ਥਾਣਾ ਜੋਗਾ ਦੇ ਸਾਹਮਣੇ ਪੱਕਾ ਧਰਨਾ ਲਾਇਆ ਅਤੇ ਬਾਅਦ ਵਿੱਚ ਮਾਨਸਾ-ਬਰਨਾਲਾ ਮਾਰਗ ’ਤੇ ਜਾਮ ਲਾ ਦਿੱਤਾ। ਧਰਨਾਕਾਰੀਆਂ ਨੇ ਪੁਲਿਸ ’ਤੇ ਕਥਿਤ ਤੌਰ ’ਤੇ ਮੁਲਜ਼ਮਾਂ ਨਾਲ ਮਿਲੀਭੁਗਤ ਕਰਨ ਅਤੇ ਘਟਨਾ ਤੋਂ ਅੱਠ ਦਿਨ ਬੀਤ ਜਾਣ ਦੇ ਬਾਵਜੂਦ ਗ੍ਰਿਫ਼ਤਾਰੀ ਨਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮ੍ਰਿਤਕਾ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਮੰਗ ਨੂੰ ਲੈ ਕੇ 9 ਮੈਂਬਰੀ ਸੰਘਰਸ਼ ਕਮੇਟੀ ਨੇ ਥਾਣਾ ਜੋਗਾ ਦੇ ਸਾਹਮਣੇ ਟੈਂਟ ਲਗਾ ਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਧਰਨੇ ਵਿੱਚ ਕਿਸਾਨ ਜਥੇਬੰਦੀਆਂ, ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਅਤੇ ਪਿੰਡ ਵਾਸੀ ਵੀ ਸ਼ਾਮਲ ਹੋਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੜਕ ’ਤੇ ਜਾਮ ਲਗਾ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੰਘਰਸ਼ ਕਮੇਟੀ ਨੇ ਲਗਾਏ ਗੰਭੀਰ ਦੋਸ਼ ਧਰਨੇ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਆਗੂ ਬੇਅੰਤ ਸਿੰਘ ਨੇ ਦੋਸ਼ ਲਾਇਆ ਕਿ ਸਕੂਲ ਦੀ ਹਿੱਸੇਦਾਰੀ ਵਿੱਚ ਲੱਖਾ ਸਿੰਘ ਨੇ ਆਪਣੀ ਜ਼ਮੀਨ ਵੇਚ ਕੇ ਪੈਸਾ ਲਗਾਇਆ ਸੀ। ਉਨ੍ਹਾਂ ਮੁਤਾਬਕ ਜਗਤਾਰ ਸਿੰਘ ਅਤੇ ਉਸ ਦੀ ਪਤਨੀ ਵੱਲੋਂ ਇਸ ਵਿੱਚ ਕਥਿਤ ਹੇਰਾਫੇਰੀ ਕੀਤੀ ਗਈ। ਬੇਅੰਤ ਸਿੰਘ ਨੇ ਦੋਸ਼ ਲਾਇਆ ਕਿ ਜ਼ਮੀਨ ਹੱਥੋਂ ਜਾਣ ਅਤੇ ਕਰੋੜਾਂ ਰੁਪਏ ਦੀ ਕਥਿਤ ਧੋਖਾਧੜੀ ਤੋਂ ਪਰੇਸ਼ਾਨ ਹੋ ਕੇ ਲੱਖਾ ਸਿੰਘ ਦੀ ਪਤਨੀ ਕਿਰਨਜੀਤ ਕੌਰ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਕਿਹਾ ਕਿ ਘਟਨਾ ਨੂੰ ਅੱਠ ਦਿਨ ਬੀਤ ਚੁੱਕੇ ਹਨ, ਪਰ ਕਥਿਤ ਮੁਲਜ਼ਮ ਪਤੀ-ਪਤਨੀ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਕਥਿਤ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਆਗੂਆਂ ਨੇ ਕਿਹਾ ਕਿ ਇਨਸਾਫ਼ ਮਿਲਣ ਤੱਕ ਮੋਰਚਾ ਜਾਰੀ ਰਹੇਗਾ। ਬੇਅੰਤ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਕਥਿਤ ਕਰੋੜਾਂ ਰੁਪਏ ਦੀ ਠੱਗੀ ’ਤੇ ਪਰਦਾ ਪਾਉਣ ਲਈ ਵੱਖ-ਵੱਖ ਗੱਲਾਂ ਅਤੇ ਕਹਾਣੀਆਂ ਸਾਹਮਣੇ ਲਿਆਂਦੀਆਂ ਜਾ ਰਹੀਆਂ ਹਨ। ਉਨ੍ਹਾਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕਰਦਿਆਂ ਦੋਵਾਂ ਧਿਰਾਂ ਦੇ ਮੋਬਾਈਲ ਫੋਨਾਂ ਦੀ ਜਾਂਚ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਇਸ ਨਾਲ ਮਾਮਲੇ ਦੀ ਸੱਚਾਈ ਸਾਹਮਣੇ ਆ ਸਕਦੀ ਹੈ। ਪੁਲਿਸ ਨੇ ਕਿਹਾ—ਮੁਲਜ਼ਮ ਫਰਾਰ, ਭਾਲ ਜਾਰੀ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਵਿੱਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹਾਲੇ ਫਰਾਰ ਹਨ ਅਤੇ ਉਨ੍ਹਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਲਿਆਂਦਾ ਜਾਵੇਗਾ। ਥਾਣਾ ਜੋਗਾ ਦੇ ਘਿਰਾਓ ਦੀ ਜਾਣਕਾਰੀ ਮਿਲਣ ’ਤੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਮੌਕੇ ’ਤੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ। ਹਾਲਾਂਕਿ, ਪੀੜਤ ਧਿਰ ਨੇ ਧਰਨਾ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ। ਅੱਠ ਦਿਨ ਬਾਅਦ ਵੀ ਨਹੀਂ ਹੋਇਆ ਅੰਤਿਮ ਸਸਕਾਰ ਮਿਲੀ ਜਾਣਕਾਰੀ ਅਨੁਸਾਰ ਸਕੂਲ ਹਿੱਸੇਦਾਰ ਲੱਖਾ ਸਿੰਘ ਦੀ ਪਤਨੀ ਕਿਰਨਜੀਤ ਕੌਰ ਨੇ 2 ਅਗਸਤ ਨੂੰ ਘਰ ਵਿੱਚ ਕਥਿਤ ਤੌਰ ’ਤੇ ਜ਼ਹਿਰੀਲੀ ਚੀਜ਼ ਖਾ ਲਈ ਸੀ। ਉਸ ਦੀ ਮੌਤ ਤੋਂ ਬਾਅਦ ਮ੍ਰਿਤਕ ਦੇਹ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਹੋਈ ਹੈ। ਘਟਨਾ ਤੋਂ ਅੱਠ ਦਿਨ ਬੀਤਣ ਦੇ ਬਾਵਜੂਦ ਕਿਰਨਜੀਤ ਕੌਰ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਕਾਰਨ ਮਾਮਲਾ ਪੁਲਿਸ ਪ੍ਰਸ਼ਾਸਨ ਲਈ ਵੀ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਕੀ ਹੈ ਪੂਰਾ ਮਾਮਲਾ? ਪਿੰਡ ਅਕਲੀਆ ਵਿੱਚ ਤਿੰਨ ਹਿੱਸੇਦਾਰਾਂ—ਲੱਖਾ ਸਿੰਘ, ਜਗਤਾਰ ਸਿੰਘ ਅਤੇ ਇੱਕ ਹੋਰ ਵਿਅਕਤੀ—ਵੱਲੋਂ ਮਿਲ ਕੇ ਐਲਪਾਈਨ ਵੈਲੀ ਸਕੂਲ ਖੋਲ੍ਹਿਆ ਗਿਆ ਸੀ। ਲੱਖਾ ਸਿੰਘ ਅਨੁਸਾਰ ਉਸ ਨੇ ਕਈ ਸਾਲ ਪਹਿਲਾਂ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਵੇਚ ਕੇ ਸਕੂਲ ਵਿੱਚ ਪੈਸਾ ਲਗਾਇਆ ਸੀ। ਉਨ੍ਹਾਂ ਮੁਤਾਬਕ ਜਗਤਾਰ ਸਿੰਘ ਅਤੇ ਉਸ ਦੀ ਪਤਨੀ ਨੂੰ ਬਾਅਦ ਵਿੱਚ ਸਰਕਾਰੀ ਨੌਕਰੀ ਮਿਲ ਗਈ। ਜਦੋਂ ਲੱਖਾ ਸਿੰਘ ਵੱਲੋਂ ਸਕੂਲ ਵਿੱਚੋਂ ਆਪਣੇ ਹਿੱਸੇ ਦੇ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਕਥਿਤ ਤੌਰ ’ਤੇ ਉਲਟਾ ਉਸ ਵੱਲ ਲੱਖਾਂ ਰੁਪਏ ਦੀ ਲੈਣਦਾਰੀ ਕੱਢ ਦਿੱਤੀ ਗਈ। ਇਸ ਤੋਂ ਦੁਖੀ ਹੋ ਕੇ ਲੱਖਾ ਸਿੰਘ ਦੀ ਪਤਨੀ ਨੇ ਜ਼ਹਿਰੀਲੀ ਚੀਜ਼ ਖਾ ਕੇ ਜਾਨ ਦੇ ਦਿੱਤੀ। ਪੁਲਿਸ ਨੇ ਲੱਖਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਧਿਆਪਕ ਜੋੜੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ, ਜਗਤਾਰ ਸਿੰਘ ਦੇ ਪਰਿਵਾਰ ਵੱਲੋਂ ਲੱਖਾ ਸਿੰਘ ਵੱਲੋਂ ਸਕੂਲ ਤੋਂ ਪੈਸੇ ਲੈਣ ਅਤੇ ਉਸ ਦੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦੇ ਹੋਰ ਕਾਰਨ ਹੋਣ ਦੀ ਗੱਲ ਕਹੀ ਜਾ ਰਹੀ ਹੈ। ਮਾਮਲੇ ਦੀ ਅਗਲੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
Posted By: Daily Suraj Bureau