ਪੁੱਤ ਦੇ ਖੇਡ ਸੁਪਨੇ ਲਈ ਪਿਓ ਨੇ ਛੱਡੀ ਕੈਨੇਡਾ ਦੀ PR, ਪੰਜਾਬ ਪਰਤ ਕੇ ਬਣਿਆ ਸਹਾਰਾ
ਜਲੰਧਰ ਦੇ ਉੱਭਰਦੇ ਜੈਵਲਿਨ ਥ੍ਰੋਅਰ ਅਰਸ਼ਦੀਪ ਸਿੰਘ ਦੀ ਖੇਡ ਯਾਤਰਾ ਪਿੱਛੇ ਉਸ ਦੀ ਮਿਹਨਤ ਦੇ ਨਾਲ-ਨਾਲ ਪਰਿਵਾਰ ਦੇ ਵੱਡੇ ਤਿਆਗ ਦੀ ਕਹਾਣੀ ਵੀ ਜੁੜੀ ਹੋਈ ਹੈ। ਅਰਸ਼ਦੀਪ ਹੁਣ ਨਵੀਂ ਦਿੱਲੀ ਵਿੱਚ 10 ਸਤੰਬਰ ਤੋਂ ਸ਼ੁਰੂ ਹੋਣ ਵਾਲੀ ‘ਐਥਲੈਟਿਕਸ ਫਾਈਨਲ ਸੀਰੀਜ਼’ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਹੈ। ਉਸ ਦੀ ਕਾਮਯਾਬੀ ਵਿੱਚ ਸਭ ਤੋਂ ਵੱਡਾ ਯੋਗਦਾਨ ਉਸ ਦੇ ਪਿਤਾ ਹਰਦੀਪ ਸਿੰਘ ਦਾ ਹੈ, ਜਿਨ੍ਹਾਂ ਨੇ ਪੁੱਤ ਦੇ ਖੇਡ ਸੁਪਨੇ ਨੂੰ ਤਰਜੀਹ ਦਿੰਦਿਆਂ ਕੈਨੇਡਾ ਦੀ ਪੱਕੀ ਰਿਹਾਇਸ਼ (PR) ਅਤੇ ਉੱਥੇ ਦੀ ਸੈੱਟ ਜ਼ਿੰਦਗੀ ਛੱਡ ਕੇ ਭਾਰਤ ਵਾਪਸ ਆਉਣ ਦਾ ਫ਼ੈਸਲਾ ਕੀਤਾ। ਅਰਸ਼ਦੀਪ ਦੇ ਮਾਪੇ ਹਰਦੀਪ ਸਿੰਘ ਅਤੇ ਲਖਵਿੰਦਰ ਕੌਰ ਕਈ ਸਾਲਾਂ ਤੋਂ ਕੈਨੇਡਾ ਵਿੱਚ ਪੱਕੇ ਤੌਰ ’ਤੇ ਰਹਿ ਰਹੇ ਸਨ। ਹਰਦੀਪ ਸਿੰਘ ਰੇਲਵੇ ਵਿੱਚ ਸੀਨੀਅਰ CCTC ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਕਰੀਬ ਪੰਜ ਸਾਲ ਪਹਿਲਾਂ ਪਰਿਵਾਰ ਨੂੰ ਮਹਿਸੂਸ ਹੋਇਆ ਕਿ ਜਲੰਧਰ ਵਿੱਚ ਰਹਿੰਦਿਆਂ ਅਰਸ਼ਦੀਪ ਲਈ ਆਪਣੀ ਖੇਡ ਟ੍ਰੇਨਿੰਗ, ਨੌਕਰੀ ਅਤੇ ਡਾਈਟ ਦਾ ਖਾਣਾ ਖੁਦ ਤਿਆਰ ਕਰਕੇ ਇਕੱਲਿਆਂ ਸਾਰਾ ਪ੍ਰਬੰਧ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ਤੋਂ ਬਾਅਦ ਪਰਿਵਾਰ ਨੇ ਪੰਜਾਬ ਵਾਪਸ ਆਉਣ ਦਾ ਫ਼ੈਸਲਾ ਕੀਤਾ। ਅਰਸ਼ਦੀਪ ਮੁਤਾਬਕ, ਜਦੋਂ ਉਸ ਦੇ ਪਿਤਾ ਨੇ ਉਸ ਨੂੰ ਕੈਨੇਡਾ ਵਿੱਚ ਪੱਕੇ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਭਾਰਤ ਵਿੱਚ ਰਹਿ ਕੇ ਹੀ ਖੇਡ ਜਾਰੀ ਰੱਖਣ ਦੀ ਆਪਣੀ ਇੱਛਾ ਜ਼ਾਹਰ ਕੀਤੀ। ਉਸ ਨੇ ਦੱਸਿਆ ਕਿ ਉਸ ਨੇ ਕਦੇ ਵੀ ਆਪਣੇ ਪਿਤਾ ਨਾਲ ਆਪਣੀਆਂ ਮੁਸ਼ਕਲਾਂ ਸਾਂਝੀਆਂ ਨਹੀਂ ਕੀਤੀਆਂ ਸਨ, ਪਰ ਪਿਤਾ ਨੇ ਹਾਲਾਤ ਨੂੰ ਸਮਝ ਲਿਆ। ਇਸ ਤੋਂ ਬਾਅਦ ਉਹ ਵਾਪਸ ਆ ਗਏ ਤਾਂ ਜੋ ਅਰਸ਼ਦੀਪ ਬਿਨਾਂ ਕਿਸੇ ਚਿੰਤਾ ਦੇ ਆਪਣੀ ਖੇਡ ’ਤੇ ਧਿਆਨ ਕੇਂਦਰਿਤ ਕਰ ਸਕੇ। ਖੁਦ ਕੌਮੀ ਪੱਧਰ ਦੇ ਪਹਿਲਵਾਨ ਰਹੇ ਹਨ ਹਰਦੀਪ ਸਿੰਘ ਹਰਦੀਪ ਸਿੰਘ ਖੁਦ ਕੌਮੀ ਪੱਧਰ ਦੇ ਪਹਿਲਵਾਨ ਰਹਿ ਚੁੱਕੇ ਹਨ। ਪੁੱਤ ਨੂੰ ਮਿਲੇ ਉਨ੍ਹਾਂ ਦੇ ਸਾਥ ਅਤੇ ਸਮਰਥਨ ਨਾਲ ਅਰਸ਼ਦੀਪ ਨੇ ਹੁਣ ਤੱਕ ਕਈ ਕੌਮੀ ਅਤੇ ਕੌਮਾਂਤਰੀ ਤਗ਼ਮੇ ਆਪਣੇ ਨਾਮ ਕੀਤੇ ਹਨ। ਮਈ 2026 ਵਿੱਚ ਚੇਨਈ ਵਿਖੇ ਹੋਈ ‘ਇੰਡੀਅਨ ਐਥਲੈਟਿਕਸ ਸੀਰੀਜ਼’ ਵਿੱਚ ਅਰਸ਼ਦੀਪ ਨੇ ਸੋਨੇ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਉਹ ਜੂਨੀਅਰ ਸੈਫ਼ ਗੇਮਜ਼ ਅਤੇ ਓਪਨ ਨੈਸ਼ਨਲ ਵਿੱਚ ਗੋਲਡ ਮੈਡਲ ਹਾਸਲ ਕਰ ਚੁੱਕਾ ਹੈ। ਵਰਲਡ ਸਕੂਲ ਗੇਮਜ਼ ਵਿੱਚ ਵੀ ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। 10 ਸਾਲ ਦੀ ਉਮਰ ਵਿੱਚ ਕ੍ਰਿਕੇਟ ਤੋਂ ਕੀਤੀ ਸੀ ਸ਼ੁਰੂਆਤ ਅਬੋਹਰ ਨਾਲ ਸਬੰਧਤ ਅਰਸ਼ਦੀਪ ਨੇ 10 ਸਾਲ ਦੀ ਉਮਰ ਵਿੱਚ ਕ੍ਰਿਕੇਟ ਨਾਲ ਖੇਡਾਂ ਦੀ ਸ਼ੁਰੂਆਤ ਕੀਤੀ ਸੀ। ਬਾਅਦ ਵਿੱਚ ਕੋਚ ਬਿਕਰਮਜੀਤ ਸਿੰਘ ਨਾਲ ਹੋਈ ਮੁਲਾਕਾਤ ਤੋਂ ਬਾਅਦ ਉਸ ਨੇ ਜੈਵਲਿਨ ਥ੍ਰੋਅ ਨੂੰ ਆਪਣਾ ਖੇਡ ਕਰੀਅਰ ਬਣਾਉਣ ਲਈ ਚੁਣਿਆ। ਕੋਚ ਬਿਕਰਮਜੀਤ ਸਿੰਘ ਅਨੁਸਾਰ ਅਰਸ਼ਦੀਪ ਵਿੱਚ ਚੰਗੀ ਸਰੀਰਕ ਸਮਰੱਥਾ ਦੇ ਨਾਲ ਇੱਕ ਮਜ਼ਬੂਤ ‘ਫਾਈਟਿੰਗ ਸਪਿਰਿਟ’ ਵੀ ਹੈ। ਉਨ੍ਹਾਂ ਮੁਤਾਬਕ ਇਹ ਗੁਣ ਉਸ ਨੂੰ ਹੋਰ ਖਿਡਾਰੀਆਂ ਤੋਂ ਵੱਖਰਾ ਬਣਾਉਂਦਾ ਹੈ। ਹੁਣ ਅਰਸ਼ਦੀਪ ਆਉਣ ਵਾਲੀ ‘ਐਥਲੈਟਿਕਸ ਫਾਈਨਲ ਸੀਰੀਜ਼’ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਦੇ ਟੀਚੇ ਨਾਲ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਉਸ ਦੀ ਖੇਡ ਯਾਤਰਾ ਵਿੱਚ ਉਸ ਦੀ ਆਪਣੀ ਮਿਹਨਤ ਦੇ ਨਾਲ ਪਿਤਾ ਵੱਲੋਂ ਕੀਤੇ ਵੱਡੇ ਤਿਆਗ ਅਤੇ ਦਿੱਤੇ ਸਾਥ ਦੀ ਵੀ ਅਹਿਮ ਭੂਮਿਕਾ ਰਹੀ ਹੈ।
Posted By: Daily Suraj Bureau