ਗੁਣਵੱਤਾ ’ਤੇ ਸਵਾਲ: 125 ਮੀਟਰਿਕ ਟਨ ਦੁੱਧ ਪਾਊਡਰ ਰੱਦ, ਤਿੰਨ ਅਫ਼ਸਰ ਮੁਅੱਤਲ
ਭਾਰਤੀ ਫੌਜ ਵੱਲੋਂ ਸੁੱਕੇ ਦੁੱਧ ਪਾਊਡਰ ਦੀ ਖੇਪ ਰੱਦ ਕੀਤੇ ਜਾਣ ਮਗਰੋਂ ਮਿਲਕਫੈੱਡ ਨੇ ਸਖ਼ਤ ਕਾਰਵਾਈ ਕਰਦਿਆਂ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਤਿੰਨ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮਿਲਕਫੈੱਡ ਵੱਲੋਂ ਜਨਰਲ ਮੈਨੇਜਰ ਦਲਜੀਤ ਸਿੰਘ, ਮੈਨੇਜਰ (ਗੁਣਵੱਤਾ) ਗੁਰਇਕਬਾਲ ਸਿੰਘ ਅਤੇ ਮੈਨੇਜਰ (ਉਤਪਾਦਨ) ਪਰਿਤੋਸ਼ ਮਿਸ਼ਰਾ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਭਾਰਤੀ ਫੌਜ ਨੇ ਲੁਧਿਆਣਾ ਪਲਾਂਟ ਵੱਲੋਂ ਸਪਲਾਈ ਕੀਤੇ 125 ਮੀਟਰਿਕ ਟਨ ਸੁੱਕੇ ਦੁੱਧ ਪਾਊਡਰ ਦੀ ਖੇਪ ਨੂੰ ਗੁਣਵੱਤਾ ਸਬੰਧੀ ਖਾਮੀਆਂ ਕਾਰਨ ਰੱਦ ਕਰ ਦਿੱਤਾ ਸੀ। ਇਸ ਵਿੱਚ ਦੋ ਬੈਚ 58.338 ਮੀਟਰਿਕ ਟਨ ਅਤੇ 66.654 ਮੀਟਰਿਕ ਟਨ ਦੇ ਸ਼ਾਮਲ ਸਨ। ਫੌਜ ਨੇ ਉਤਪਾਦ ਦੀ ਗੁਣਵੱਤਾ ’ਤੇ ਸਵਾਲ ਉਠਾਏ ਸਨ, ਜਿਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਵੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਗਿਆ। ਇਸ ਮਾਮਲੇ ਵਿੱਚ ਕੇਂਦਰੀ ਰੇਲ ਮੰਤਰੀ ਰਵਨੀਤ ਬਿੱਟੂ ਨੇ ਵੀ ਪੰਜਾਬ ਸਰਕਾਰ ’ਤੇ ਸਿੱਧੇ ਤੌਰ ’ਤੇ ਸਵਾਲ ਉਠਾਏ ਸਨ। ਮਿਲਕਫੈੱਡ ਨੇ ਇਸ ਨੂੰ ਡਿਊਟੀ ਵਿੱਚ ਲਾਪਰਵਾਹੀ ਅਤੇ ਅਦਾਰੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਮਾਮਲਾ ਮੰਨਦਿਆਂ ਕਾਰਵਾਈ ਕੀਤੀ ਹੈ। ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਵੱਲੋਂ ਜਾਰੀ ਹੁਕਮਾਂ ਅਨੁਸਾਰ, ਮੁਅੱਤਲੀ ਦੌਰਾਨ ਸੰਬੰਧਿਤ ਅਧਿਕਾਰੀਆਂ ਦੀ ਤਾਇਨਾਤੀ ਮੁੱਖ ਦਫ਼ਤਰ ਵਿੱਚ ਕੀਤੀ ਗਈ ਹੈ। ਇਹ ਕਾਰਵਾਈ ਸਹਿਕਾਰੀ ਦੁੱਧ ਉਤਪਾਦਕ ਫੈਡਰੇਸ਼ਨ ਕਰਮਚਾਰੀ ਸੇਵਾ ਨਿਯਮ 2023 ਦੇ ਨਿਯਮ 61 ਤਹਿਤ ਕੀਤੀ ਗਈ ਹੈ। ਸੂਤਰਾਂ ਅਨੁਸਾਰ, ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਵੱਲੋਂ ਇਸ ਸਾਲ ਦੀ ਸ਼ੁਰੂਆਤ ਵਿੱਚ ਭੇਜੀ ਗਈ ਖੇਪ ਬਾਰੇ 12 ਫਰਵਰੀ ਨੂੰ ਮਿਲਕਫੈੱਡ ਨੂੰ ਸੂਚਿਤ ਕੀਤਾ ਗਿਆ ਸੀ। ਬਾਅਦ ਵਿੱਚ 753 ਕਿਲੋਗ੍ਰਾਮ ਦੇ ਸੈਂਪਲ ਦੀ ਦੁਬਾਰਾ ਜਾਂਚ ਕੀਤੀ ਗਈ, ਜਿਸਨੂੰ 16 ਮਾਰਚ ਨੂੰ ਵੀ ਰੱਦ ਕਰ ਦਿੱਤਾ ਗਿਆ। ਸੈਂਪਲ ਵਿੱਚ ਕੁਝ ਬਾਹਰੀ ਤੱਤਾਂ ਦੀ ਮੌਜੂਦਗੀ ਹੋਣ ਕਾਰਨ ਇਹ ਫੈਸਲਾ ਲਿਆ ਗਿਆ। ਮਿਲਕਫੈੱਡ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਇਕ ਵਾਰ ਦੀ ਘਟਨਾ ਹੈ ਅਤੇ ਉਹ ਹਰ ਸਾਲ ਭਾਰਤੀ ਫੌਜ ਨੂੰ ਕਰੀਬ 100 ਕਰੋੜ ਰੁਪਏ ਦੇ ਵੇਰਕਾ ਉਤਪਾਦ, ਜਿਵੇਂ ਕਿ ਯੂਐਚਟੀ ਪੈਕਡ ਦੁੱਧ, ਪਨੀਰ, ਲੱਸੀ ਅਤੇ ਫਲੇਵਰਡ ਦੁੱਧ ਦੀ ਸਪਲਾਈ ਕਰਦੇ ਹਨ। ਐਮਡੀ ਰਾਹੁਲ ਗੁਪਤਾ ਨੇ ਕਿਹਾ ਕਿ ਸੰਸਥਾ ਆਪਣੇ ਉਤਪਾਦਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਕੱਚੇ ਮਾਲ ਤੋਂ ਲੈ ਕੇ ਤਿਆਰ ਉਤਪਾਦ ਤੱਕ ਹਰ ਪੜਾਅ ’ਤੇ ਜਾਂਚ ਕਰਦੀ ਹੈ ਅਤੇ ਸਪਲਾਈ ਜਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
Posted By: Daily Suraj Bureau