Daily Suraj

ਪੰਜਾਬੀ

ਬਾਬਾ ਸਿੱਦੀਕੀ ਕਤਲ ਕੇਸ: ਮੁੰਬਈ ਪੁਲਿਸ ਨੇ ਵਿਸ਼ੇਸ਼ ਅਦਾਲਤ ’ਚ 4,590 ਪੰਨਿਆਂ ਦੀ ਚਾਰਜਸ਼ੀਟ ਕੀਤੀ ਦਾਇਰ

06 Jan, 2025 05:30 AM

ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਆਗੂ ਬਾਬਾ ਸਿੱਦੀਕੀ ਦੇ ਕਤਲ ਮਾਮਲੇ ’ਚ ਮੁੰਬਈ ਪੁਲਿਸ ਨੇ ਸੋਮਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਗੈਂਗਸਟਰ ਅਨਮੋਲ ਬਿਸ਼ਨੋਈ ਨੇ ਅਪਣੇ ਸੰਗਠਤ ਅਪਰਾਧ ਸਿੰਡੀਕੇਟ ਰਾਹੀਂ ਡਰ ਦਾ ਮਾਹੌਲ ਪੈਦਾ ਕਰਨ ਲਈ ਕਤਲ ਕੀਤਾ।ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਸਮੇਤ 26 ਗ੍ਰਿਫਤਾਰ ਮੁਲਜ਼ਮਾਂ ਅਤੇ ਤਿੰਨ ਲੋੜੀਂਦੇ ਵਿਅਕਤੀਆਂ ਵਿਰੁਧ ਇਕ ਵਿਸ਼ੇਸ਼ ਅਦਾਲਤ ’ਚ 4,590 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ।ਚਾਰਜਸ਼ੀਟ ਮੁਤਾਬਕ ਅਨਮੋਲ ਬਿਸ਼ਨੋਈ ਨੇ ਦਹਿਸ਼ਤ ਅਤੇ ਦਬਦਬੇ ਦਾ ਮਾਹੌਲ ਪੈਦਾ ਕਰਨ ਦੇ ਇਰਾਦੇ ਨਾਲ ਸਿੱਦੀਕੀ ਨੂੰ ਮਾਰਨ ਦੀ ਸਾਜ਼ਸ਼ ਰਚੀ ਸੀ। ਅਨਮੋਲ ਬਿਸ਼ਨੋਈ ਤੋਂ ਇਲਾਵਾ ਹੋਰ ਲੋੜੀਂਦੇ ਮੁਲਜ਼ਮ ਮੁਹੰਮਦ ਯਾਸੀਨ ਅਖਤਰ ਅਤੇ ਸ਼ੁਭਮ ਲੋਨਕਰ ਹਨ।ਪੁਲਿਸ ਨੇ ਹੁਣ ਤਕ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ’ਤੇ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ (ਮਕੋਕ) ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਸਾਰੇ ਮੁਲਜ਼ਮ ਨਿਆਂਇਕ ਹਿਰਾਸਤ ’ਚ ਹਨ। ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦੀਕੀ (66) ਦੀ 12 ਅਕਤੂਬਰ 2024 ਨੂੰ ਮੁੰਬਈ ਦੇ ਬਾਂਦਰਾ ਇਲਾਕੇ ’ਚ ਉਨ੍ਹਾਂ ਦੇ ਬੇਟੇ ਜ਼ੀਸ਼ਾਨ ਸਿੱਦੀਕੀ ਦੇ ਦਫਤਰ ਦੇ ਬਾਹਰ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ।

Posted By: Daily Suraj Bureau

Latest News