Daily Suraj

ਪੰਜਾਬੀ

ਕੈਨੇਡਾ ’ਚ ਭਾਰਤੀ ਮੂਲ ਦੀਆਂ ਔਰਤਾਂ ਲਈ ਟੋਰਾਂਟੋ ਕਾਉਂਸਲੇਟ ਵੱਲੋਂ ਵਨ-ਸਟਾਪ ਸੈਂਟਰ ਦੀ ਸ਼ੁਰੂਆਤ

06 Jan, 2026 06:09 PM

ਕੈਨੇਡਾ ਵਿੱਚ ਰਹਿ ਰਹੀਆਂ ਭਾਰਤੀ ਮੂਲ ਦੀਆਂ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕਾਉਂਸਲੇਟ ਜਨਰਲ ਆਫ਼ ਇੰਡੀਆ, ਟੋਰਾਂਟੋ ਵੱਲੋਂ ਇਕ ਵਿਸ਼ੇਸ਼ ਵਨ-ਸਟਾਪ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਇਸ ਸੈਂਟਰ ਦਾ ਮਕਸਦ ਘਰੇਲੂ ਹਿੰਸਾ, ਦਾਜ ਦਹੇਜ, ਸ਼ੋਸ਼ਣ, ਕਾਨੂੰਨੀ ਤੇ ਵਿੱਤੀ ਮਦਦ ਵਰਗੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਔਰਤਾਂ ਨੂੰ ਤੁਰੰਤ ਅਤੇ ਭਰੋਸੇਯੋਗ ਸਹਾਇਤਾ ਪ੍ਰਦਾਨ ਕਰਨਾ ਹੈ। ਟੋਰਾਂਟੋ ਸਥਿਤ ਭਾਰਤੀ ਕਾਉਂਸਲੇਟ ਦੇ ਐਕਟਿੰਗ ਕੌਂਸਲ ਜਨਰਲ ਕਪਿਧਵਜਾ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਸੈਂਟਰ ਭਾਰਤੀ ਮੂਲ ਦੀਆਂ ਔਰਤਾਂ ਲਈ ਇਕ ਸੁਰੱਖਿਅਤ ਮੰਚ ਹੋਵੇਗਾ, ਜਿੱਥੇ ਉਹ ਬਿਨਾਂ ਕਿਸੇ ਡਰ ਜਾਂ ਹਿਚਕ ਦੇ ਆਪਣੇ ਮਸਲੇ ਸਾਂਝੇ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਸੱਭਿਆਚਾਰਕ, ਸਮਾਜਿਕ ਅਤੇ ਭਾਸ਼ਾਈ ਰੁਕਾਵਟਾਂ ਕਾਰਨ ਕਈ ਔਰਤਾਂ ਮੌਜੂਦਾ ਕੈਨੇਡੀਅਨ ਸਹਾਇਤਾ ਸੰਸਥਾਵਾਂ ਤੱਕ ਨਹੀਂ ਪਹੁੰਚ ਸਕਦੀਆਂ, ਜਿਸ ਕਰਕੇ ਇਹ ਕੇਂਦਰ ਅਹਿਮ ਭੂਮਿਕਾ ਨਿਭਾਏਗਾ। ਕਾਉਂਸਲੇਟ ਮੁਤਾਬਕ, ਇਹ ਸੇਵਾਵਾਂ ਟੈਂਪੋਰੈਰੀ ਅਤੇ ਪਰਮਾਨੈਂਟ ਰੈਜ਼ੀਡੈਂਟ ਔਰਤਾਂ ਲਈ ਉਪਲਬਧ ਹੋਣਗੀਆਂ। ਇਸ ਵਿੱਚ ਵਿਦਿਆਰਥੀ, ਵਰਕ ਪਰਮਿਟ ਧਾਰਕ ਅਤੇ ਵਿਜ਼ਟਰ ਵੀ ਸ਼ਾਮਲ ਹਨ। ਸੈਂਟਰ 24 ਘੰਟੇ, ਸੱਤੇ ਦਿਨ ਸਰਗਰਮ ਰਹੇਗਾ ਅਤੇ ਕੈਨੇਡਾ ਦੇ ਕਿਸੇ ਵੀ ਹਿੱਸੇ ਤੋਂ ਫ਼ੋਨ ਜਾਂ ਈ-ਮੇਲ ਰਾਹੀਂ ਸੰਪਰਕ ਕੀਤਾ ਜਾ ਸਕੇਗਾ।ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਲਗਭਗ 2.8 ਮਿਲੀਅਨ ਭਾਰਤੀ ਮੂਲ ਦੇ ਲੋਕ ਵਸਦੇ ਹਨ, ਜਿਨ੍ਹਾਂ ਵਿੱਚ ਔਰਤਾਂ ਦੀ ਗਿਣਤੀ ਕਾਫੀ ਵੱਡੀ ਹੈ। ਅਜਿਹੇ ਵਿੱਚ ਇਹ ਵਨ-ਸਟਾਪ ਸੈਂਟਰ ਭਾਰਤੀ ਭਾਈਚਾਰੇ, ਖ਼ਾਸ ਕਰਕੇ ਔਰਤਾਂ ਲਈ, ਇੱਕ ਮਹੱਤਵਪੂਰਨ ਸਹਾਰਾ ਸਾਬਤ ਹੋਣ ਦੀ ਉਮੀਦ ਹੈ।

Posted By: Daily Suraj Bureau

Latest News