Daily Suraj

ਪੰਜਾਬੀ

ਵਿਧਾਇਕ ਬਲਵਿੰਦਰ ਬੈਂਸ ਦੇ ਨਾਂ ’ਤੇ ਅਸ਼ਲੀਲ ਵੀਡੀਓ ਅਪਲੋਡ ਕੀਤੀ

17 Oct, 2018 05:30 AM

ਲੁਧਿਆਣਾ,ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵੱਡੇ ਭਰਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਨਾਂ ’ਤੇ ਇਕ ਵਿਅਕਤੀ ਨੇ ਫ਼ਰਜ਼ੀ ਫੇਸਬੁੱਕ ਆਈਡੀ ਬਣਾ ਕੇ ਉਸ ਤੋਂ ਇਕ ਅਸ਼ਲੀਲ ਵੀਡੀਓ ਸਾਂਝੀ ਕਰ ਦਿੱਤੀ। ਵੀਡੀਓ ਦੇ ਨਾਲ ਹੀ ਬਲਵਿੰਦਰ ਸਿੰਘ ਬੈਂਸ ਦੀ ਫੋਟੋ ਅਪਲੋਡ ਕਰਕੇ ਉਨ੍ਹਾਂ ਦੇ ਨਾਂ ਦੀ ਕੈਪਸ਼ਨ ਵੀ ਦੇ ਦਿੱਤੀ ਗਈ। ਲੋਕਾਂ ਨੇ ਤੁਰੰਤ ਵੀਡੀਓ ’ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦ ਤੱਕ ਵਿਧਾਇਕ ਨੂੰ ਇਸ ਦਾ ਪਤਾ ਲੱਗਾ, ਉਸ ਵੇਲੇ ਤੱਕ ਕਈ ਲੋਕ ਇਸ ਨੂੰ ਦੇਖ ਚੁੱਕੇ ਸਨ। ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਦਿੱਤੀ। ਉਨ੍ਹਾਂ ਤੁਰੰਤ ਇਸ ਦੀ ਜਾਂਚ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਪੁਲੀਸ ਨੇ ਬਲਵਿੰਦਰ ਸਿੰਘ ਬੈਂਸ ਦੀ ਸ਼ਿਕਾਇਤ ’ਤੇ ਨਵਜੀਤ ਸਿੰਘ ਨਾਂ ਦੇ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ। ਇਹ ਆਈਡੀ ਸੋਮਵਾਰ ਨੂੰ ਹੀ ਬਣਾਈ ਗਈ ਸੀ ਤੇ ਜਲਦੀ ਹੀ ਵੀਡੀਓ ਵੀ ਅਪਲੋਡ ਕਰ ਦਿੱਤੀ ਗਈ। ਮੁਲਜ਼ਮ ਨੇ ਇਹ ਵੀ ਲਿਖ ਦਿੱਤਾ ਕਿ ਇਹ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੀ ਅਸ਼ਲੀਲ ਵੀਡੀਓ ਹੈ। ਵਿਧਾਇਕ ਨੇ ਇਸ ਨੂੰ ਵਿਰੋਧੀ ਧਿਰਾਂ ਦੀ ਸਾਜ਼ਿਸ਼ ਕਰਾਰ ਦਿੱਤਾ। ਜਾਂਚ ਅਧਿਕਾਰੀ ਥਾਣਾ ਡਿਵੀਜ਼ਨ ਨੰ. 6 ਦੇ ਐੱਸਐੱਚਓ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹਾਲੇ ਸਾਈਬਰ ਸੈੱਲ ਕੋਲ ਹੈ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Posted By: Daily Suraj Bureau

Latest News