ਸਾਹਿਬਜ਼ਾਦਾ ਫ਼ਤਿਹ ਸਿੰਘ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਭੋਗ ਪਾਏ
ਫ਼ਤਹਿਗੜ੍ਹ ਸਾਹਿਬ : ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਦਾ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਜਿੰਦਰ ਸਿੰਘ ਵੱਲੋਂ ਸੰਗਤਾਂ ਨੂੰ ਰਸਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ। ਸਮਾਗਮ ਦੀ ਸਮਾਪਤੀ ਦੀ ਅਰਦਾਸ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਹਲਕਾ ਇੰਚਾਰਜ ਸ੍ਰੀ ਫ਼ਤਹਿਗੜ੍ਹ ਸਾਹਿਬ ਜਗਦੀਪ ਸਿੰਘ ਚੀਮਾ, ਜਥੇਦਾਰ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਤੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਸਮੁੱਚੀਆਂ ਸੰਗਤਾਂ ਨੂੰ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਹਿਬੇ ਕਮਾਲ ਪੁੱਤਰਾਂ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਫਰਜ਼ੰਦ ਧੰਨ ਧੰਨ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਵੱਲੋਂ ਦਿੱਤੀ ਗਈ ਸ਼ਹਾਦਤ ਰਹਿੰਦੀ ਦੁਨੀਆ ਤਕ ਮਿਸਾਲ ਬਣ ਕੇ ਰਹੇਗੀ ਅਤੇ ਸਮੁੱਚੀ ਲੋਕਾਈ ਨੂੰ ਹੱਕ ਸੱਚ ਅਤੇ ਆਪਣੇ ਧਰਮ ਲਈ ਕੁਰਬਾਨ ਹੋਣ ਲਈ ਪ੍ਰੇਰਿਤ ਕਰਦੀ ਰਹੇਗੀ। ਇਸੇ ਦੌਰਾਨ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਉਣ ਵਾਲੀਆਂ ਸਿੰਘ ਸੇਵਾਵਾਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿੱਚ ਨਤਮਸਤਕ ਹੋਈਆਂ। ਇਸ ਮੌਕੇ ਸਮਾਗਮ ਵਿੱਚ ਹਾਜ਼ਰੀ ਭਰਨ ਸਮੇਂ ਬਲਵਿੰਦਰ ਸਿੰਘ ਭਮਾਰਸੀ ਐਡੀਸ਼ਨਲ ਮੈਨੇਜਰ, ਜੋਗਾ ਸਿੰਘ ਸੁਪਰਵਾਈਜ਼ਰ, ਜਗਮੀਤ ਸਿੰਘ ਜੱਗਾ, ਹਰਮਨਜੀਤ ਸਿੰਘ ਰਿਕਾਰਡ ਕੀਪਰ, ਗੁਰਇਕਬਾਲ ਸਿੰਘ ਮਾਨ ਰਿਕਾਰਡ ਕੀਪਰ, ਗਗਨਦੀਪ ਸਿੰਘ, ਹਰਜੀਤ ਸਿੰਘ, ਅਕਾਸ਼ਦੀਪ ਸਿੰਘ, ਬਲਜੀਤ ਸਿੰਘ ਅਕਾਊਂਟੈਂਟ, ਨਰਵੀਰ ਸਿੰਘ ਖਜ਼ਾਨਚੀ, ਰਾਜਿੰਦਰ ਸਿੰਘ, ਡਾ. ਪ੍ਰਿਤਪਾਲ ਸਿੰਘ, ਬਿਕਰਮਜੀਤ ਸਿੰਘ ਬਾਜਵਾ, ਸਰੂਪ ਸਿੰਘ, ਭਾਈ ਗੁਰਜੰਟ ਸਿੰਘ ਅਤੇ ਸਮੁੱਚੀ ਸਾਧ ਸੰਗਤ ਨੇ ਹਾਜ਼ਰੀ ਭਰ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
Posted By: Daily Suraj Bureau