Daily Suraj

ਪੰਜਾਬੀ

ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

06 Dec, 2024 05:30 AM

ਮੋਗਾ : 8 ਮਾਰਚ ਤੋਂ 10 ਦਸੰਬਰ ਤੱਕ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੌਰਾਨ 0 ਤੋਂ 5 ਸਾਲ ਤੱਕ ਦੇ ਜ਼ਿਲ੍ਹਾ ਮੋਗਾ ਦੇ 98 ਹਜ਼ਾਰ 447 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਹ ਪ੍ਰਗਟਾਵਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਮੋਗਾ ਡਾ. ਅਸ਼ੋਕ ਸਿੰਗਲਾ ਨੇ ਸਿਹਤ ਵਿਭਾਗ ਮੋਗਾ ਵੱਲੋਂ ਨੈਸ਼ਨਲ ਪਲਸ ਪੋਲੀਓ ਰਾਊਂਡ ਲਈ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਸਮੇ ਕੀਤਾ। ਇਸ ਰੈਲੀ ਵਿਚ ਵੱਖ-ਵੱਖ ਨਰਸਿੰਗ ਸਕੂਲਾਂ ਅਤੇ ਸਰਕਾਰੀ ਨਰਸਿੰਗ ਸਕੂਲ ਸਿਵਲ ਹਸਪਤਾਲ਼ ਮੋਗਾ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਟੀਬੀ ਅਫ਼ਸਰ ਡਾ. ਜੀਬੀ ਸੋਢੀ, ਸੁਮੀਤ ਬਜਾਜ, ਸ਼ਾਲੂ ਮਰਵਾਹ ਅਤੇ ਅੰਮ੍ਰਿਤ ਸ਼ਰਮਾ, ਕਮਲਪ੍ਰੀਤ ਕੌਰ ਨਰਸਿੰਗ ਟੀਚਰ, ਨਰਿੰਦਰ ਕੌਰ, ਲਖਵੀਰ ਕੌਰ ਨਰਸਿੰਗ ਸਿਸਟਰ, ਨਰਸਿੰਗ ਕਾਲਜ ਥਾਪਰ ਦੇ ਸਮੂਹ ਵਿਦਿਆਰਥੀ ਨੇ ਭਾਗ ਲਿਆ। ਇਸ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ। ਡਾ. ਅਸ਼ੋਕ ਸਿੰਗਲਾ ਨੋਡਲ ਅਫ਼ਸਰ ਪਲਸ ਪੋਲੀਓ ਪ੍ਰੋਗਾਰਮ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 8 ਦਸੰਬਰ ਨੂੰ 395 ਬੂਥਾਂ ’ਤੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ 9 ਅਤੇ 10 ਨੂੰ ਸਿਹਤ ਵਿਭਾਗ ਦੀਆਂ 588 ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ, ਤਾਂ ਜੋ 0 ਤੋਂ 5 ਸਾਲ ਦੀ ਉਮਰ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹੇ। ਇਸ ਕੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਏਐੱਨਐੱਮ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰ ਅਤੇ ਹੋਰ ਵਲੰਟੀਅਰ ਸਿਹਤ ਵਿਭਾਗ ਦਾ ਸਹਿਯੋਗ ਕਰਨਗੇ। ਸਿਵਲ ਸਰਜਨ ਨੇ ਦੱਸਿਆ ਕਿ ਡੀਸੀ ਮੋਗਾ ਦੇ ਸਖਤ ਆਦੇਸ਼ ਹਨ ਕਿ ਪੋਲੀਓ ਬੂੰਦ ਤੋਂ ਜ਼ਿਲ੍ਹੇ ਦਾ ਇਕ ਵੀ ਬੱਚਾ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਮੌਕੇ ਡਾ. ਅਸ਼ੋਕ ਸਿੰਗਲਾ ਜਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਇਸ ਪੋਲੀਓ ਖਾਤਮਾ ਮੁਹਿੰਮ ਦੌਰਾਨ ਜ਼ਿਲ੍ਹੇ ਅੰਦਰ ਵੱਖ-ਵੱਖ ਬਲਾਕਾਂ ਅਤੇ ਸ਼ਹਿਰੀ ਖੇਤਰ ਵਿਚ ਟੀਮਾਂ ਨੂੰ ਲਾਮਬੰਦ ਕੀਤਾ ਗਿਆ ਹੈ, ਤਾਂ ਜੋ ਹਰ ਬੱਚੇ ਤੱਕ ਪੋਲੀਓ ਰਹਿਤ ਬੂੰਦਾਂ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ਤੇ 16 ਟਰਾਂਜ਼ਿਟ ਟੀਮਾਂ ਅਤੇ 21 ਮੋਬਾਈਲ ਟੀਮਾ ਵੱਲੋਂ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਲੋੜੀਦੀਆਂ ਮੋਬਾਈਲ ਟੀਮਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ 79 ਸੁਪਰਵਾਈਜ਼ਰ ਲਗਾਏ ਗਏ ਹਨ। ਉਨ੍ਹਾਂ ਆਮ ਲੋਕਾਂ ਅਤੇ ਸਮਾਜ ਸੇਵੀ ਸੰਸਥਾਂਵਾਂ ਨੂੰ ਇਸ ਮੁਹਿੰਮ ਦੌਰਾਨ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਅੰਮ੍ਰਿਤ ਸ਼ਰਮਾ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਵੀ ਹਾਜ਼ਰ ਸਨ।

Posted By: Daily Suraj Bureau

Latest News